ਚੰਡੀਗੜ੍ਹ- ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ। ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਇੱਕੋ ਪੜਾਅ ‘ਚ 12 ਨਵੰਬਰ ਨੂੰ ਵੋਟਿੰਗ ਤੇ 8 ਦਸੰਬਰ ਨੂੰ ਨਤੀਜੇ ਆਉਣਗੇ। 17 ਅਕਤੂਬਰ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। 25 ਤਰੀਕ ਨੂੰ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ। 27 ਅਕਤੂਬਰ ਨੂੰ ਸਕਰੂਟਨਿੰਗ ਤੇ 29 ਅਕਤੂਬਰ ਤਕ ਉਮੀਦਵਾਰ ਨਾਂ ਵਾਪਸ ਲੈ ਸਕਣਗੇ।
ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨ ਗਰਾਊਂਟ ਫਲੋਰ ‘ਤੇ ਹੀ ਬਣਾਏ ਜਾਣਗੇ। ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦੋ ਕਿਲੋਮੀਟਰ ਦੇ ਅੰਦਰ ਹੀ ਪੋਲਿੰਗ ਸਟੇਸ਼ਨ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਕਿ 80 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਵੋਟ ਪਾ ਸਕਦੇ ਹਨ।
ਚੋਣ ਕਮਿਸ਼ਨ ਨੇ ਕਿਹਾ ਕਿ ਨਾਮਜ਼ਦਗੀ ਭਰਨ ਤਕ ਨਵੇਂ ਵੋਟਰ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਉਮੀਦਵਾਰ ਦਾ ਅਪਰਾਧਿਕ ਪਿਛੋਕੜ ਹੈ ਤਾਂ ਚੋਣ ਕਮਿਸ਼ਨ ਪ੍ਰਚਾਰ ਕਰੇਗਾ ਤਾਂ ਜੋ ਵੋਟਰ ਦੇ ਸਾਹਮਣੇ ਸਥਿਤੀ ਸਾਫ਼ ਰਹੇ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਮੇਰਾ ਟੀਚਾ ਵੋਟ ਪ੍ਰਤੀਸ਼ਤ ਨੂੰ ਵਧਾਉਣਾ ਹੈ। ਕੋਰੋਨਾ ਪ੍ਰੋਟੋਕੋਲ ਦੇ ਮੱਦੇਨਜ਼ਰ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।