Site icon TV Punjab | Punjabi News Channel

ਕਿਸਾਨ ਅੱਜ ਫਿਰ ਕਰਨਗੇ ਦੇਸ਼ ਭਰ ਵਿਚ ਪ੍ਰਦਰਸ਼ਨ, 32 ਜਥੇਬੰਦੀਆਂ ਚੰਡੀਗੜ੍ਹ ਵੱਲ ਕਰਨਗੀਆਂ ਕੂਚ

ਚੰਡੀਗੜ੍ਹ-ਖੇਤੀਬਾੜੀ ਕਾਨੂੰਨ ਰੱਦ ਕਰਾਉਣ ਲੈ ਕੇ ਪਿਛਲੇ ਸੱਤ ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਇਸ ਨੂੰ ਲੈ ਕੇ ਕਿਸਾਨ ਅੱਜ ਦੇਸ਼ਭਰ ਵਿੱਚ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਨ ਮਨਾਉਣਗੇ। ਆਪਣੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਕਿਸਾਨ ਦੇਸ਼ ਦੇ ਸਾਰੇ ਸੂਬਿਆਂ ਦੇ ਰਾਜ ਭਵਨ ‘ਤੇ ਧਰਨਾ-ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਨਾਲ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਦੇ ਨਾਮ ਮੀਮੋ ਵੀ ਸੌਂਪਣਗੇ। ਕੁੰਡਲੀ ਬਾਰਡਰ ਸਮੇਤ ਹੋਰ ਧਰਨਾ ਸਥਾਨਾਂ ਤੋਂ 32 ਕਿਸਾਨ ਸੰਗਠਨ ਚੰਡੀਗੜ੍ਹ ਰਾਜ ਭਵਨ ਪਹੁੰਚਣਗੇ ਅਤੇ ਉੱਥੇ ਹਰਿਆਣਾ-ਪੰਜਾਬ ਦੇ ਕਿਸਾਨ ਵੱਖ-ਵੱਖ ਮੀਮੋ ਦੇਣਗੇ।  
ਸੰਯੁਕਤ ਕਿਸਾਨ ਮੋਰਚੇ ਦੇ ਮੈਬਰ ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚਢੂੰਨੀ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ ਨੇ ਕਿਹਾ ਕਿ ਇਹ ਦਿਨ ਐਮਰਜੈਂਸੀ ਦੇ 46 ਸਾਲ ਪੂਰੇ ਹੋਣ ਦੇ ਤੌਰ ‘ਤੇ ਵੀ ਮਨਾਇਆ ਜਾ ਰਿਹਾ ਹੈ। ਕਿਉਂਕਿ ਉਦੋਂ ਨਾਗਰਿਕਾਂ ਦੇ ਜਮਹੂਰੀ ਅਧਿਕਾਰਾਂ ‘ਤੇ ਰੋਕ ਲਗਾਈ ਗਈ ਸੀ ਅਤੇ ਇਸ ਸਮੇਂ ਵੀ ਅਜਿਹੀ ਹੀ ਪਾਬੰਦੀ ਲਗਾਈ ਜਾ ਰਹੀ ਹੈ।

ਗੱਲਬਾਤ ਦੌਰਾਨ ਕਿਸਾਨ ਆਗੂ ਰੁਲਦਾ ਸਿੰਘ ਨੇ ਕਿਹਾ ਕਿ ਹੁਣ ਤੱਕ ਬਣਾਏ ਪ੍ਰੋਗਰਾਮ ਦੇ ਅਨੁਸਾਰ 5000 ਕਿਸਾਨ ਚੰਡੀਗੜ੍ਹ ਬਾਰਡਰ ਤੋਂ ਰਾਜ ਭਵਨ ਤੱਕ ਮਾਰਚ ਕਰਨਗੇ। ਹਾਲਾਂਕਿ ਅੰਦਾਜਾ ਹੈ ਕਿ ਕਿਸਾਨਾਂ ਦੀ ਇਹ ਗਿਣਤੀ ਵੱਧਕੇ 7000 ਤੱਕ ਪਹੁੰਚ ਸਕਦੀ ਹੈ। ਸਾਡੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਸ ਤੋਂ ਮੰਗ ਹੈ ਕਿ ਉਹ ਕਿਸਾਨਾਂ ਨੂੰ ਰਾਜ ਭਵਨ ਤੱਕ ਮਾਰਚ ਕਰਣ ਦਾ ਰਸਤਾ ਪ੍ਰਦਾਨ ਕਰਨ। ਮਾਰਚ ਦੌਰਾਨ ਕਿਸਾਨ ਪੂਰੀ ਤਰ੍ਹਾਂ ਸ਼ਾਂਤੀ ਬਣਾਏ ਰੱਖਣਗੇ ਅਤੇ ਕਿਸੇ ਤਰ੍ਹਾਂ ਦੀ ਭੰਨ੍ਹ-ਤੋੜ ਦੀ ਘਟਨਾ ਨੂੰ ਅੰਜਾਮ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਰਾਜ ਭਵਨ ਵਿੱਚ ਵੀ ਸਿਰਫ ਚੁਣੇ ਗਏ ਕਿਸਾਨ ਨੇਤਾ ਹੀ ਜਾਣਗੇ। 

ਪੁਲਿਸ ਨੇ ਕੀਤੇ ਪ੍ਰਬੰਧ

ਆਵਾਜਾਈ ਪੁਲਸ ਨੇ ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਦੇ ਚੰਡੀਗੜ੍ਹ ਘੇਰਨ ਦੇ ਐਲਾਨ ਨੂੰ ਵੇਖਦੇ ਹੋਏ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਸ਼ਹਿਰ ਦੇ 13 ਸੜਕਾਂ ਨੂੰ ਸ਼ਨੀਵਾਰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਜਾਵੇਗਾ

 ਚੰਡੀਗੜ੍ਹ ਦੀਆਂ ਸਰਹੱਦਾਂ ਸਮੇਤ 13 ਸੜਕਾਂ ਸੀਲ
ਯੂ.ਟੀ. ਪੁਲਸ ਨੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਵੇਖਦੇ ਹੋਏ ਸਾਰੇ ਥਾਣਿਆਂ ਦੀ ਪੁਲਸ ਨੂੰ ਅਲਰਟ ਕਰ ਦਿੱਤਾ ਹੈ। ਸ਼ਹਿਰ ਦੀਆਂ ਸਰਹੱਦਾਂ ‘ਤੇ ਬੈਰੀਕੇਡਿੰਗ ਕਰ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਮੁੱਲਾਂਪੁਰ ਬੈਰੀਅਰ, ਜੀਰਕਪੁਰ ਬੈਰੀਅਰ, ਹਾਉਸਿੰਗ ਬੋਰਡ ਚੌਕ ਦੀਆਂ ਸਰਹੱਦਾਂ ਸਮੇਤ 13 ਸੜਕਾਂ ਨੂੰ ਬੰਦ ਕਰਣ ਦਾ ਫੈਸਲਾ ਲਿਆ ਗਿਆ ਹੈ। 

ਟੀਵੀ ਪੰਜਾਬ ਬਿਊਰੋ

Exit mobile version