Site icon TV Punjab | Punjabi News Channel

ਸੋਸ਼ਲ ਮੀਡੀਆ ਇਨਫਲੂਏਂਸਰ ਖਿਲਾਫ਼ FIR ਦਰਜ, 295-ਏ ਦੇ ਤਹਿਤ ਹੋਇਆ ਪਰਚਾ

ਡੈਸਕ- ਕੌਮਾਂਤਰੀ ਯੋਗਾ ਦਿਵਸ ‘ਤੇ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਏਂਸਰ ਖਿਲਾਫ਼ ਅਰਚਨਾ ਮਕਵਾਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਅਰਚਨਾ ਖਿਲਾਫ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਗਿਆ ਹੈ।

ਅਰਚਨਾ ਮਕਵਾਨਾ ਨਾਂ ਦੀ ਇਸ ਇਨਫਲੂਏਂਸਰ ਨੇ ਹਰਿਮੰਦਰ ਸਾਹਿਬ ‘ਚ ਯੋਗਾ ਕਰਦੇ ਸਮੇਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀਆਂ ਸਨ। ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖ਼ਤ ਇਤਰਾਜ਼ ਦਰਜ ਕਰਵਾਇਆ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਡਿਊਟੀ ‘ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਤਸਵੀਰਾਂ ਵਿੱਚ ਨਜ਼ਰ ਆ ਰਹੀ ਲੜਕੀ ਅਰਚਨਾ ਮਕਵਾਨਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ।

ਹਾਲਾਂਕਿ ਮਕਵਾਣਾ ਨੇ ਆਪਣੀ ਨਾਰਾਜ਼ਗੀ ਦਾ ਪਤਾ ਲੱਗਣ ‘ਤੇ ਮੁਆਫੀ ਮੰਗ ਲਈ ਸੀ, ਪਰ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ਮਿਲਣ ‘ਤੇ ਪੁਲਸ ਨੇ ਕਾਰਵਾਈ ਕੀਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਕਿਹਾ ਹੈ ਕਿ 22 ਜੂਨ 2024 ਨੂੰ ਸ਼ੋਸਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ। ਜਿਸ ਵਿੱਚ ਅਰਚਨਾ ਮਕਵਾਨਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਾਹਰਦੀ ਦੇ ਅਸਥਾਨ ਦੇ ਨੇੜੇ ਇੱਕ ਥਾਂ ਤੇ ਇੱਕ ਫੋਟੋ ਖਿੱਚੀ ਹੈ ਅਤੇ ਜਾਣਬੁੱਝ ਕੇ ਵਾਇਰਲ ਕਰ ਰਹੀ ਹੈ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ‘ਤੇ 2 ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਮੈਡੀਟੇਸ਼ਨ ਅਤੇ ਟਾਪ ਪੋਸਚਰ ‘ਚ ਨਜ਼ਰ ਆ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਅਜਿਹਾ ਕੰਮ ਕਰਨਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਪਰਿਕਰਮਾ ਵਿੱਚ ਅਜਿਹਾ ਕਰਨ ਤੋਂ ਰੋਕਣ ਲਈ ਲਿਖਕੇ ਚਿਤਾਵਨੀ ਵੀ ਲਗਾਈ ਗਈ ਹੈ। ਫਿਰ ਵੀ ਕੁਝ ਲੋਕ ਇਸ ਪਵਿੱਤਰ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਕ ਮਹੱਤਤਾ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਕੇ ਅਜਿਹੇ ਕੰਮ ਕਰਦੇ ਹਨ।

ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਅਰਚਨਾ ਮਕਵਾਣਾ ਨਾਂ ਦੀ ਲੜਕੀ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਸਮੇਂ ਯੋਗ ਆਸਣ ਕਰਦੇ ਹੋਏ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੈਲਾਈਆਂ ਸਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੀ ਨੇ ਇਹ ਕਾਰਾ ਸਿਰਫ਼ 5 ਸੈਕਿੰਡ ਲਈ ਕੀਤਾ। ਉਸ ਲੜਕੀ ਦਾ ਮਤਲਬ ਯੋਗਾ ਕਰਨਾ ਨਹੀਂ ਸਗੋਂ ਸਿਰਫ਼ ਤਸਵੀਰਾਂ ਲੈਣਾ ਸੀ।

Exit mobile version