Site icon TV Punjab | Punjabi News Channel

ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ 7 ਲੋਕ ਝੁਲਸੇ

ਡੈਸਕ – ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਇੱਕ ਵੇਹੜੇ ਵਿੱਚ ਭਗਦੜ ਮੱਚ ਗਈ। ਅੱਗ ਇੰਨੀ ਫੈਲ ਗਈ ਕਿ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਦਸੇ ‘ਚ 7 ਲੋਕ ਝੁਲਸ ਜਾਣ ਦੀ ਜਾਣਕਾਰੀ ਮਿਲੀ ਹੈ। ਅੱਗ ਕਾਰਨ ਝੁਲਸੇ ਲੋਕਾਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ, ਉਥੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾਂਦੀ ਸੀ। ਇਹ ਹਾਦਸਾ ਗੈਸ ਭਰਨ ਦੌਰਾਨ ਵਾਪਰਿਆ।

ਜਾਣਕਾਰੀ ਅਨੁਸਾਰ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ 3 ਵਿੱਚ ਅੱਗ ਫੈਲਣ ਕਾਰਨ ਭਗਦੜ ਮੱਚ ਗਈ। ਅਚਾਨਕ ਵੇਹੜੇ ‘ਚੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ। ਲੋਕਾਂ ਨੇ ਬੜੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਮਰਿਆਂ ਵਿੱਚ ਰਹਿੰਦੇ ਲੋਕ ਝੁਲਸ ਗਏ। 7 ਸਾਲਾ ਬੱਚੀ ਅਤੇ ਉਸ ਦੀ ਮਾਂ ਗੰਭੀਰ ਰੂਪ ਨਾਲ ਜਖ਼ਮੀ ਹਨ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਅਤੇ ਉਸ ਦੀ ਮਾਂ ਫੂਲਮਤੀ (35) ਵਜੋਂ ਹੋਈ ਹੈ।

ਮਾਂ-ਧੀ ਨੂੰ ਬਚਾਉਣ ਗਏ 5 ਲੋਕ ਝੁਲਸੇ
ਮਾਂ-ਧੀ ਨੂੰ ਅੱਗ ਤੋਂ ਬਚਾਉਣ ਗਏ ਪੰਜ ਹੋਰ ਲੋਕ ਵੀ ਅੱਗ ਦੀ ਲਪੇਟ ਵਿੱਚ ਆ ਗਏ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਪੁਲਿਸ ਚੌਕੀ ਗਿਆਸਪੁਰਾ ਨੂੰ ਸੂਚਨਾ ਦਿੱਤੀ। ਫੂਲਮਤੀ ਦੇ ਪਤੀ ਦਰੋਗਾ ਪ੍ਰਸਾਦ ਨੇ ਦੱਸਿਆ ਕਿ ਉਹ ਸਮਰਾਟ ਕਲੋਨੀ ਵਿੱਚ ਵੇਹੜੇ ਵਿੱਚ ਰਹਿੰਦਾ ਹੈ। ਵੇਹੜੇ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਉਹਨਾਂ ਦੇ ਨਾਲ ਲੱਗਦੇ ਕਮਰੇ ਵਿੱਚ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਲੈਂਦਾ ਸੀ।

ਜਾਣਕਾਰੀ ਦਿੰਦਿਆਂ ਦਰੋਗਾ ਪ੍ਰਸ਼ਾਦ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੇਰ ਰਾਤ ਖਾਣਾ ਬਣਾ ਰਹੀ ਸੀ। ਉਸੀ ਵੇਲੇ ਉਨ੍ਹਾਂ ਦੇ ਗੁਆਂਢ ਵਿੱਚ ਇੱਕ ਵਿਅਕਤੀ ਸਿਲੰਡਰ ਵਿੱਚ ਗੈਸ ਭਰ ਰਿਹਾ ਸੀ। ਜਿਸ ਤੋਂ ਗੈਸ ਲੀਕ ਹੋਣ ਲੱਗੀ ਅਤੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਸ ਦੀ ਪਤਨੀ, ਬੇਟੀ ਅਤੇ ਛੋਟਾ ਭਰਾ ਕ੍ਰਿਪਾ ਸ਼ੰਕਰ ਬੁਰੀ ਤਰ੍ਹਾਂ ਝੁਲਸ ਗਏ। ਫੂਲਮਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ।

Exit mobile version