ਡੈਸਕ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਬੀਤੀ ਰਾਤ ਇਕ ਤੇਲ ਡਿਪੂ ਵਿਚ ਭਿਆਨਕ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਘਟਨਾ ਵਿਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਤੇਲ ਭੰਡਾਰ ਡਿਪੂ ਸਰਕਾਰੀ ਕੰਪਨੀ ਦਾ ਹੈ। ਉੱਤਰੀ ਜਕਾਰਤਾ ਵਿਚ ਸਰਕਾਰੀ ਊਰਜਾ ਕੰਪਨੀ ਪੇਰਤਾਮਿਨਾ ਦੇ ਤੇਲ ਡਿਪੂ ਵਿਚ ਅੱਗ ਲੱਗਣ ਦੇ ਬਾਅਦ ਆਸ-ਪਾਸ ਦੇ ਲੋਕ ਦਹਿਸ਼ਤ ਵਿਚ ਆ ਗਏ ਤੇ ਜਾਨ ਬਚਾ ਕੇ ਭੱਜੇ।
ਪ੍ਰਸ਼ਾਸਨ ਨੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਾ ਲਿਆ ਸੀ। ਉੱਤਰੀ ਜਕਾਰਤਾ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਕਿਹਾ ਕਿ ਅੱਗ ਵਿਚ ਦੋ ਬੱਚਿਆਂ ਸਣੇ 17 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਘੱਟ ਤੋਂ ਘੱਟ 50 ਲੋਕ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੇ ਮੁਖੀ ਨੇ ਦੱਸਿਆ ਕਿ ਅੱਗ ਦੀ ਲਪੇਟ ਵਿਚ ਆਉਣ ਨਾਲ ਕਈ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਅੱਗ ਰਾਤ 8 ਵਜੇ ਲੱਗੀ। ਫਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਇੰਡੋਨੇਸ਼ੀਆ ਦੇ ਫੌਜ ਮੁਖੀ ਦੁਡੁੰਗ ਅਬਦੁਰਚਮਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਈ ਘੰਟੇ ਬਾਅਦ ਬੁਝਾਈ ਜਾ ਸਕੀ। ਉਨ੍ਹਾਂ ਕਿਹਾ ਕਿ ਅੱਗ ਬੁਝ ਚੁੱਕੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੇਰਤਾਮਿਨਾ ਕੰਪਨੀ ਨੇ ਬਿਆਨ ਵਿਚ ਕਿਹਾ ਕਿ ਉਹ ਅੱਗ ਨਾਲ ਨਿਪਟਣ ਤੇ ਆਸ-ਪਾਸ ਦੇ ਮਜ਼ਦੂਰਾਂ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।