Vancouver- ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਐਤਵਾਰ ਦੁਪਹਿਰੇ ਏਅਰ ਕੈਨੇਡਾ ਦੀਆਂ ਦੋ ਫਲਾਈਟਾਂ ਦੇ ਆਪਸ ’ਚ ਇੱਕ ਦੂਜੇ ਦੇ ਸੰਪਰਕ ’ਚ ਆ ਗਈਆਂ ਅਤੇ ਇਸ ਦੌਰਾਨ ਇੱਕ ਜਹਾਜ਼ ਨੇ ਦੂਜੇ ਜਹਾਜ਼ ਦਾ ਪਰ ਕੱਟ ਦਿੱਤਾ। ਹਵਾਈ ਅੱਡੇ ’ਤੇ ਵਾਪਰੇ ਇਸ ਹਾਦਸੇ ਕਾਰਨ ਦੋਹਾਂ ਫਲਾਈਟਾਂ ’ਚ ਸਵਾਰ ਯਾਤਰੀਆਂ ਨੂੰ ਹੋਰ ਉਡਾਣਾਂ ਰਾਹੀਂ ਉਨ੍ਹਾਂ ਦੀ ਨਿਰਧਾਰਿਤ ਮੰਜ਼ਿਲ ’ਤੇ ਭੇਜਿਆ ਗਿਆ।
ਇੱਕ ਈਮੇਲ ’ਚ, ਏਅਰਲਾਈਨ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਏਅਰ ਕੈਨੇਡਾ ਰੂਜ ਏਅਰਬੱਸ A319 ਨੂੰ ਗੇਟ ਤੋਂ ਪਿੱਛੇ ਧੱਕਿਆ ਜਾ ਰਿਹਾ ਸੀ। ਏਅਰਲਾਈਨ ਨੇ ਕਿਹਾ ਕਿ ਇਸੇ ਦੌਰਾਨ ਏਅਰਬੱਸ, ਜੈਜ਼ ਏਅਰ ਕੈਨੇਡਾ ਐਕਸਪ੍ਰੈਸ 400 ਜਹਾਜ਼ ਦੇ ਸੰਪਰਕ ’ਚ ਆ ਗਈ, ਜੋ ਕਿ ਨੇੜੇ ਦੇ ਗੇਟ ’ਤੇ ਖੜ੍ਹਾ ਸੀ। ਇਸੇ ਦੌਰਾਨ ਏਅਰਬੱਸ ਨੇ ਜੈਜ਼ ਏਅਰ ਕੈਨੇਡਾ ਐਕਸਪ੍ਰੈੱਸ Q400 ਜਹਾਜ਼ ਦੇ ਪਰ ਨੂੰ ਕੱਟ ਦਿੱਤਾ।
ਏਅਰ ਕੈਨੇਡਾ ਮੁਤਾਬਕ ਇਸ ਹਾਦਸੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਪ੍ਰਭਾਵਿਤ ਯਾਤਰੀਆਂ ਨੂੰ ਦੂਜੀਆਂ ਉਡਾਣਾਂ ਰਾਹੀਂ ਉਨ੍ਹਾਂ ਦੀ ਮੰਜ਼ਿਲਾਂ ’ਤੇ ਭੇਜਿਆ ਗਿਆ। ਹਾਲਾਂਕਿ ਏਅਰਲਾਈਨ ਨੇ ਇਸ ਗੱਲ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਹਾਦਸੇ ’ਚ ਕਿੰਨੇ ਯਾਤਰੀ ਪ੍ਰਭਾਵਿਤ ਹੋਏ ਹਨ।
ਹਾਦਸੇ ਬਾਰੇ ਗੱਲਬਾਤ ਕਰਦਿਆਂ ਇੱਕ ਯਾਤਰੀ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਕਰੀਬ ਏਅਰਬੱਸ ’ਤੇ ਸਵਾਰ ਸੀ, ਜਦੋਂ ਇਹ ਘਟਨਾ ਵਾਪਰੀ। ਉਸ ਨੇ ਦੱਸਿਆ ਕਿ ਅਸੀਂ ਇੱਕ ਬਹੁਤ ਹੀ ਜ਼ੋਰਦਾਰ ਝਟਕੇ ਨਾਲ ਹਿੱਲ ਗਏ। ਯਾਤਰੀ ਮੁਤਾਬਕ ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਜ਼ਮੀਨ ’ਤੇ ਆਪਣੇ ਜਹਾਜ਼ ਦੇ ਖੰਭ ਦਾ ਇੱਕ ਟੁਕੜਾ ਦੇਖਿਆ ਅਤੇ ਜਦੋਂ ਲਗਭਗ 20 ਮਿੰਟ ਬਾਅਦ ਜਹਾਜ਼ਾਂ ਨੂੰ ਹਿਲਾਇਆ ਗਿਆ, ਤਾਂ ਉਸਨੇ Q400 ਦੇ ਵਿੰਗ ਦਾ ਇੱਕ ਟੁਕੜਾ ਜ਼ਮੀਨ ’ਤੇ ਡਿੱਗਿਆ ਦੇਖਿਆ।