ਚੰਡੀਗੜ੍ਹ- ਹੁਣ ਸਮਾਂ ਆ ਗਿਆ ਹੈ ਜਦੋਂ ਆਲ ਇੰਡੀਆ ਕਾਂਗਰਸ ਪਾਰਟੀ ਨੂੰ ਮੁੜ ਤੋਂ ਚਿੰਤਨ ਸ਼ਿਵਰ ਕਰਵਾਉਣਾ ਪਵੇਗਾ । ਪੰਜਾਬ ਤੋਂ ਕਾਂਗਰਸ ਦੇ ਚਾਰ ਸਾਬਕਾ ਮੰਤਰੀਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ । ਸਾਰੇ ਲੀਡਰ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਹਨ । ਡਾਕਟਰ ਰਾਜਕੁਮਾਰ ਵੇਰਕਾ, ਬਲਬੀਰ ਸਿੱਧੂ ,ਸੁੰਦਰ ਸ਼ਾਮ ਅਰੋੜਾ ਅਤੇ ਗੁਰਪ੍ਰੀਤ ਕਾਂਗੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਪਾਰਟੀ ਦੀ ਮੈਂਬਰਸ਼ਿਪ ਕਬੂਲੀ । ਇਸ ਤੋਂ ਬਾਅਦ ਪਾਰਟੀ ਦਫਤਰ ਚ ਕੀਤੇ ਗਏ ਸਮਾਗਮ ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੇ ਲੀਡਰਾਂ ਦਾ ਪਾਰਟੀ ਚ ਸਵਾਗਤ ਕੀਤਾ । ਇਨ੍ਹਾਂ ਨੇਤਾਵਾਂ ਦੇ ਨਾਲ ਅਕਾਲੀ ਦਲ ਦੇ ਨੇਤਾ ਸਰੂਪ ਚੰਦ ਸਿੰਗਲਾ ਵੀ ਭਾਜਪਾਈ ਬਣ ਗਏ ਹਨ ।
ਕਾਂਗਰਸ ਨੂੰ ਵੱਡਾ ਝਟਕਾ ਦੇਣ ਚ ਸੁਨੀਲ ਜਾਖੜ, ਮਨਜਿੰਦਰ ਸਿਰਸਾ ਅਤੇ ਅਰਵਿੰਦ ਖੰਨਾ ਦਾ ਅਹਿਮ ਰੋਲ ਰਿਹਾ ਹੈ । ਰਾਣਾ ਸੋਢੀ ਨੇ ਕੱਲ੍ਹ ਹੀ ਕਾਂਗਰਸ ਨੂੰ ਹਿਲਾਉਣ ਦਾ ਦਾਅਵਾ ਕਰ ਦਿੱਤਾ ਸੀ । ਇਨ੍ਹਾਂ ਨੇਤਾਵਾਂ ਦੀ ਸ਼ਮੂਲੀਅਤ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਈਵ ਹੋ ਕੇ ਇਨ੍ਹਾਂ ਬਾਗੀ ਨੇਤਾਵਾਂ ਖਿਲਾਫ ਭੜਾਸ ਕੱਢੀ । ਉਨ੍ਹਾਂ ਇਲਜ਼ਾਮ ਲਗਾਇਆ ਕਿ ਸਿੱਧੂ ਮੂਸੇਵਾਲਾ ਕਤਲ ਨੂੰ ਡਿਰੇਲ ਕਰਨ ਲਈ ਇਨ੍ਹਾਂ ਨੇਤਾਵਾਂ ਵਲੋਂ ਇਹ ਹਰਕਤ ਕੀਤੀ ਗਈ ਹੈ ।