ਡੈਸਕ- ਭਾਵੇਂ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ‘ਚ ਜਾ ਰਹੇ ਹਨ ਅਤੇ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਜਾ ਰਿਹਾ ਹੈ, ਪਰ ਇੱਕ ਫ਼ਰਾਂਸੀਸੀ ਦੋ ਦਹਾਕਿਆਂ ਤੋਂ ਨੂਰਪੁਰ ਬੇਦੀ ਇਲਾਕੇ ’ਚ ਰਹਿ ਰਿਹਾ ਹੈ। ਇਨ੍ਹਾਂ ਹੀ ਨਹੀਂ ਉਹ ਇੱਥੇ ਜੈਵਿਕ ਖੇਤੀ ਵੀ ਕਰ ਰਿਹਾ ਹੈ। ਜੋ ਕਿ ਨੌਜਵਾਨਾਂ ਅਤੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਫ਼ਰਾਂਸੀਸੀ ਦਾ ਨਾਮ ਦਰਸ਼ਨ ਸਿੰਘ ਰੁਡੇਲ ਹੈ। ਉਹ ਆਪਣੇ ਭਾਰਤ ਦੌਰੇ ਦੌਰਾਨ ਪੰਜਾਬ ‘ਚ ਵੱਸ ਗਏ ਸਨ।
ਦਰਸ਼ਨ ਸਿੰਘ ਦਾ ਪੁਰਾਣਾ ਨਾਮ ਮਿਸ਼ੇਲ ਮਾਈਕਲ ਜੀਨ ਲੁਈਸ ਰੁਡੇਲ਼ ਹੈ। ਉਨ੍ਹਾਂ ਦਾ ਜਨਮ ਦੱਖਣੀ ਫਰਾਂਸ ’ਚ 5 ਅਕਤੂਬਰ 1957 ਵਿੱਚ ਈਸਾਈ ਪਰਿਵਾਰ ਵਿੱਚ ਹੋਇਆ ਸੀ। ਦਰਸ਼ਨ ਸਿੰਘ ਰੁਡੇਲ ਨੇ ਆਪਣੇ ਭਾਰਤ ਦੌਰੇ ਦੌਰਾਨ ਸਿੱਖ ਧਰਮ ਨੂੰ ਅਪਣਾ ਲਿਆ ਸੀ। ਉਹ ਹੁਣ ਪੰਜਾਬ ਵਿੱਚ ਵਸ ਗਏ ਹਨ। ਦਰਸ਼ਨ ਸਿੰਘ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਕਾਂਗੜ ’ਚ ਵਿੱਚ ਰਹਿੰਦੇ ਹਨ ਅਤੇ ਖੇਤਬਾੜੀ ਕਰਦੇ ਹਨ।
ਰੁਡੇਲ ਨੇ ਕਿਹਾ “ਲੋਕ ਮੇਰੇ ਬਾਰੇ ਇੱਕ ਗੱਲ ਕਹਿੰਦੇ ਹਨ ਕਿ ਇਹ ‘ਉਲਟੀ ਗੰਗਾ ਵਾਂਗ ਹੈ’। ਲੋਕ ਇੱਥੇ ਕੰਮ ਨਹੀਂ ਕਰਦੇ ਤੇ ਵਿਦੇਸ਼ਾਂ ਨੂੰ ਭੱਜਦੇ ਹਨ। ਮੈਂ ਵੀ ਕਾਫ਼ੀ ਦੇਸ਼ ਦੇਖੇ ਹਨ। ਇਹ ਲੋਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਕਰਦੇ ਹਨ, ਦੂਜਿਆਂ ਦੇ ਖੇਤਾਂ ਵਿੱਚ ਤਾਂ ਕੰਮ ਕਰਦੇ ਹਨ, ਪਰ ਆਪਣੇ ਪੰਜਾਬ ਵਿੱਚ ਕਰਨਾ ਨਹੀਂ ਚਾਹੁੰਦੇ।” ਸਿੱਖ ਧਰਮ ਅਪਣਾਉਣ ਵਾਲੇ ਦਰਸ਼ਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ 15 ਸਾਲ ਦੀ ਉਮਰ ਦੇ ਵਿੱਚ ਹੀ ਮਾਸ ਖਾਣਾ ਵੀ ਬੰਦ ਕਰ ਦਿੱਤਾ ਸੀ।
ਉਹ ਦੱਸਦੇ ਹਨ ਕਿ ਧਰਮ ਬਦਲਣ ਵੇਲੇ ਉਨ੍ਹਾਂ ਨੂੰ ਕੋਈ ਔਖਿਆਈ ਨਹੀਂ ਆਈ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਮੰਨਦੇ ਸਨ ਕਿ ਪ੍ਰਮਾਤਮਾ ਇੱਕ ਹੀ ਹੈ ਅਤੇ ਉਨ੍ਹਾਂ ਨੇ ਦਰਸ਼ਨ ਸਿੰਘ ਦੇ ਫ਼ੈਸਲੇ ਅਤੇ ਆਸਥਾ ਨੂੰ ਸਵੀਕਾਰ ਕੀਤਾ। ਉਨ੍ਹਾਂ ਦੀ ਪਤਨੀ ਮਲਵਿੰਦਰ ਕੌਰ ਪੰਜਾਬਣ ਹਨ ਅਤੇ ਦੋਵਾਂ ਦੀ ਇੱਕ ਧੀ ਵੀ ਹੈ। ਉਹ ਹੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਉਨ੍ਹਾਂ ਦਾ ਇਸ ਦੇਸ਼ ਨਾਲ ਕੋਈ ਪੁਰਾਣਾ ਰਿਸ਼ਤਾ ਸੀ ਜੋ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ।
ਇੱਥੇ ਆ ਕੇ ਉਨ੍ਹਾਂ ਨੇ ਬਾਬੇ ਨਾਨਕ ਦੇ ਸਿਧਾਂਤ ’ਤੇ ਚੱਲਦਿਆਂ ਕਿਰਤ ਕਰਨ ’ਚ ਵਿਸ਼ਵਾਸ ਰੱਖਿਆ ਅਤੇ ਜੈਵਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਸੀ। ਮਾਈਕਲ ਮੁਤਾਬਕ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦਾ ਸ਼ੌਕ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ। ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 1976 ’ਚ ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਤੁਰਕੀ, ਇਰਾਨ ਤੇ ਅਫ਼ਗਾਨਿਸਤਾਨ ਤੱਕ ਸਾਈਕਲ ’ਤੇ ਯਾਤਰਾ ਕੀਤੀ ਹੈ।