TV Punjab | Punjabi News Channel

ਕੌਣ ਹੈ ਗੈਂਗਸਟਰ ਪ੍ਰੀਤ ਅੰਬਰਸਰੀਆ ? ਉਸਨੇ ਕਿਉਂ ਕੀਤੀ ਗਾਇਕ ਪ੍ਰੇਮ ਢਿੱਲੋਂ ਦੇ ਪਰਿਵਾਰ ‘ਤੇ ਅੰਨ੍ਹੇਵਾਹ ਫਾਇਰਿੰਗ

Facebook
Twitter
WhatsApp
Copy Link

ਅੰਮ੍ਰਿਤਸਰ- ਗੈਂਗਸਟਰ ਪ੍ਰੀਤ ਅੰਬਰਸਰੀਆ ਨੇ ਬਿਆਸ ਦੇ ਦੋਲੋਨੰਗਲ ਪਿੰਡ ਵਿਚ ਪਰਿਵਾਰ ’ਤੇ ਅੰਨੇਵਾਹ ਫਾਇਰਿੰਗ ਕਿਉਂ ਕੀਤੀ ਸੀ, ਇਸ ਬਾਰੇ ਸਾਰੀ ਵਾਰਤਾ ਕਿਸਾਨ ਕੁਲਦੀਪ ਸਿੰਘ ਨੇ ਪੁਲਿਸ ਨੂੰ ਦੱਸੀ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਮੁਲਜ਼ਮ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਿਸਾਨ ਕੁਲਦੀਪ ਸਿੰਘ ਦੇ ਕੈਨੇਡਾ ਬੈਠੇ ਬੇਟੇ ਗਾਇਕ ਪ੍ਰੇਮ ਢਿੱਲੋਂ ਤੋਂ ਦਸ ਲੱਖ ਦੀ ਫਿਰੌਤੀ ਮੰਗੀ ਸੀ।

ਕਿਸਾਨ ਕੁਲਦੀਪ ਸਿੰਘ ਨੇ ਬਿਆਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਕਿਸਾਨ ਹੈ ਅਤੇ ਉਨ੍ਹਾਂ ਦਾ ਪੁੱਤਰ ਪ੍ਰੇਮ ਢਿੱਲੋਂ ਗਾਇਕ ਹੈ। ਪ੍ਰੇਮ ਪਿਛਲੇ ਦੋ ਸਾਲ ਤੋਂ ਕੈਨੇਡਾ ਵਿਚ ਹੈ। ਕੁੱਝ ਸਮਾਂ ਪਹਿਲਾਂ ਗੈਂਗਸਟਰ ਪ੍ਰੀਤ ਅੰਬਰਸਰੀਆ ਨੇ ਉਨ੍ਹਾਂ ਦੇ ਬੇਟੇ ਨੂੰ ਫੋਨ ਕਰ ਕੇ ਜਾਨੋਂ-ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਜਾਨ ਬਖਸ਼ਣ ਲਈ ਦਸ ਲੱਖ ਰੁਪਏ ਦੀ ਮੰਗ ਕੀਤੀ। ਪ੍ਰੇਮ ਨੇ ਇਸ ਬਾਰੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਸੀ।ਇਸ ਦੇ ਬਾਅਦ ਮੁਲਜ਼ਮ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਿ ਉਨ੍ਹਾਂ ਨੇ ਗੈਂਗਸਟਰ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਕੋਈ ਪੈਸਾ ਨਹੀਂ ਦੇਣਗੇ।

ਬੁੱਧਵਾਰ ਦੀ ਰਾਤ ਉਹ ਆਪਣੇ ਪਰਿਵਾਰ ਦੇ ਨਾਲ ਘਰ ’ਚ ਆਰਾਮ ਕਰ ਰਹੇ ਸਨ। ਇਸ ਦੌਰਾਨ ਘਰ ਦੇ ਬਾਹਰ ਇਕ ਕਾਰ ਆ ਕੇ ਰੁਕੀ। ਦੇਖਦੇ ਹੀ ਦੇਖਦੇ ਦੋ ਨੌਜਵਾਨਾਂ ਨੇ ਕਾਰ ਵਿੱਚੋਂ ਹੀ ਉਨ੍ਹਾਂ ਦੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸਬ ਇੰਸਪੈਕਟਰ ਸਿਕੰਦਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਂਚੀ ਜਾ ਰਹੀ ਹੈ।ਫਿਲਹਾਲ ਬਿਆਸ ਥਾਣੇ ਦੀ ਪੁਲਿਸ ਨੇ ਗੈਂਗਸਟਰ ਪ੍ਰੀਤ ਸਮੇਤ ਦੋ ਜਣਿਆਂ ਖਿਲਾਫ ਹੱਤਿਆ ਕੋਸ਼ਿਸ਼, ਗੋਲੀਆਂ ਚਲਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।

ਕੌਣ ਗੈਂਗਸਟਰ ਪ੍ਰੀਤ ਅੰਬਰਸਰੀਆ ?

ਗੌਰਤਲਬ ਹੈ ਕਿ ਗੈਂਗਸਟਰ ਪ੍ਰੀਤ ਅੰਬਰਸਰੀਆ ਜਨਵਰੀ 2021 ਵਿਚ ਰਣਜੀਤ ਐਵੀਨਿਊ ਥਾਣੇ ਵਿਚ ਦਰਜ ਹੱਤਿਆ ਦੀ ਐੱਫਆਈਆਰ ਵਿਚ ਪੁਲਿਸ ਨੂੰ ਲੋਡ਼ੀਂਦਾ ਹੈ। ਮੁਲਜ਼ਮ ਨੇ ਮਾਮੂਲੀ ਵਿਵਾਦ ’ਤੇ ਬਾਊਂਸਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ।

ਟੀਵੀ ਪੰਜਾਬ ਬਿਊਰੋ

Exit mobile version