Site icon TV Punjab | Punjabi News Channel

ਘੱਗਰ ਅਤੇ ਬਿਆਸ ਦੇ ਕਈ ਬੰਨ੍ਹ ਟੁੱਟੇ, ਮਾਝੇ- ਮਾਲਵੇ ਦੇ ਹਾਲਾਤ ਖਰਾਬ

ਡੈਸਕ- ਜੰਮੂ-ਕਸ਼ਮੀਰ ਦੇ ਉੱਜ ਡੈਮ ਤੋਂ ਰਾਵੀ ਵਿਚ ਛੱਡਿਆ ਗਿਆ 2.50 ਲੱਖ ਕਿਊਸਿਕ ਪਾਣੀ ਅੱਜ ਮਾਝੇ ਵਿੱਚ ਤਬਾਹੀ ਮਚਾ ਦੇਵੇਗਾ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਾਕਿਸਤਾਨ ਦੇ ਪੰਜਾਬ ‘ਚ ਵੀ ਇਸ ਦਾ ਅਸਰ ਪਵੇਗਾ। ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਝੇ ਦੇ 3 ਜ਼ਿਲਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ।

ਰਾਤੋਂ ਰਾਤ ਪਾਣੀ ਦਾ ਪੱਧਰ ਵਧਿਆ ਹੈ। ਕਰਤਾਰਪੁਰ ਕੋਰੀਡੋਰ ਕੋਲੋਂ ਧੁੱਸੀ ਬੰਨ੍ਹ ਵਿਚ ਪਾੜ ਪਿਆ ਹੈ। ਪਾੜ ਪੈਣ ਨਾਲ ਪਾਣੀ ਭਾਰਤ ਪਾਕਿ ਸਰਹੱਦ ਨਾਲ ਲੱਗ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ। ਉਧਰ, ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਸੰਗਰੂਰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੂਨਕ ਦੇ ਬੱਲਰਾਂ ਪਿੰਡ ਨਜਦੀਕ ਪਿੰਡ ਚੂਲੜ ਵਿਖੇ ਘੱਗਰ ਦੇ ਬੰਨ੍ਹ ਨੂੰ ਹਰਿਆਣਾ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਜਿਸ ਨਾਲ ਵੱਡਾ ਨੁਕਸਾਨ ਹੋਵੇਗਾ।

ਦੂਜੇ ਪਾਸੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਦੇ ਪਿੰਡ ਮਕੋੜਾ ਪੱਤਣ ਦੇ ਆਸ-ਪਾਸ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ।

ਘੱਗਰ ਵਿੱਚ ਬੁੱਧਵਾਰ ਰਾਤ ਨੂੰ ਨਵਾਂ ਪਾੜ ਪੈਣ ਕਾਰਨ ਮਾਲਵੇ ਦੇ ਕੁਝ ਹੋਰ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵੇ ਦੇ ਸਰਦੂਲਗੜ੍ਹ ਤੋਂ ਪਹਿਲਾਂ ਰਾਤ ਕਰੀਬ 11 ਵਜੇ ਭੱਲਣਵਾੜਾ ਇਲਾਕੇ ਦੇ ਘੱਗਰ ਵਿੱਚ ਦਰਾਰ ਪੈ ਗਈ। ਇਹ ਪਾੜ ਭੱਲਣਵਾੜਾ ਦੇ ਸਰਕਾਰੀ ਸਕੂਲ ਤੱਕ ਆ ਗਿਆ।

ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਬਿਆਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸਪਾਸ ਦੇ ਸਕੂਲਾਂ ਵਿੱਚ ਕੈਂਪ ਲਾਏ ਗਏ ਹਨ ਅਤੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ।

Exit mobile version