Site icon TV Punjab | Punjabi News Channel

ਸਰਕਾਰ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਬਾਬਾ ਜੀਵਨ ਸਿੰਘ ਨੂੰ ਅਣਗੌਲਿਆ ਜਾਣਾ ਬਹੁਜਨ ਸਮਾਜ ਦੀ ਬੇਪੱਤੀ : ਗੜ੍ਹੀ

ਬੁਢਲਾਡਾ : ਬਾਬਾ ਜੀਵਨ ਸਿੰਘ ਜੀ ਨੂੰ ਅਣਗੌਲਿਆਂ ਜਾਣਾ ਬਹੁਜਨ ਸਮਾਜ ਦੀ ਬੇਪੱਤੀ ਹੈ ਅਤੇ ਬਹੁਜਨ ਸਮਾਜ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਸਰਕਾਰਾਂ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਅਕਸਰ ਹੀ ਬਹੁਜਨ ਸਮਾਜ ਦੇ ਰਹਿਬਰਾਂ ਅਤੇ ਬਜ਼ੁਰਗਾਂ ਨੂੰ ਅਣਗੌਲਿਆ ਜਾਂਦਾ ਰਿਹਾ ਹੈ।

ਪਰ ਹੁਣ ਜ਼ਿਆਦਾ ਸਮਾਂ ਅਜਿਹਾ ਨਹੀਂ ਹੋਣਾ ਕਿਉਂਕਿ ਬਹੁਜਨ ਸਮਾਜ ਦੇ ਲੋਕਾਂ ਨੇ ਆਪਣੀ ਖੁਦ ਦੀ ਸੱਤਾ ਵਿਚ ਹਿੱਸੇਦਾਰੀ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਜਦੋਂ ਸੱਤਾ ‘ਚ ਬਹੁਜਨ ਸਮਾਜ ਦੀ ਹਿੱਸੇਦਾਰੀ ਹੋਣੀ ਹੈ ਤੇ ਬਹੁਜਨ ਸਮਾਜ ਦੇ ਰਹਿਬਰਾਂ ਨੂੰ ਅਣਗੌਲਿਆਂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣ ਲਈ ਬਹੁਜਨ ਸਮਾਜ ਦੀ ਸਰਕਾਰ ਵਧ ਚੜ੍ਹ ਕੇ ਕੰਮ ਕਰੇਗੀ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਉਹ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਬਾਬਾ ਜੀਵਨ ਸਿੰਘ ਨੂੰ ਯਾਦ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਤ ਕਰ ਰਹੇ ਸਨ।

ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦਿਆਂ ਹੀ ਬਾਬਾ ਜੀਵਨ ਸਿੰਘ ਜੀ ਦੇ ਨਾਮ ‘ਤੇ ਯੁਨਿਵਰਸਿਟੀ ਬਣਾਈ ਜਾਵੇਗੀ ਅਤੇ ਗਜ਼ਟਿਡ ਛੁੱਟੀ ਦਾ ਵੀ ਬਸਪਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ ਸਥਾਨਕ ਆਗੂਆਂ ਵੱਲੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ ਹੋਰ ਪਤਵੰਤੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸੱਕਤਰ ਕੁਲਦੀਪ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਮਾਖਾ ਵੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version