ਇੰਡੀਅਨ ਪ੍ਰੀਮੀਅਰ ਲੀਗ 2022 ਦੇ 57ਵੇਂ ਮੈਚ ਵਿੱਚ, ਅਫਗਾਨ ਸਪਿਨਰ ਰਾਸ਼ਿਦ ਖਾਨ ਦੇ ਸ਼ਾਨਦਾਰ ਚਾਰ ਵਿਕਟਾਂ ਦੀ ਮਦਦ ਨਾਲ, ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾਇਆ। ਗੁਜਰਾਤ ਦੀਆਂ 145 ਦੌੜਾਂ ਦੇ ਜਵਾਬ ‘ਚ ਲਖਨਊ ਦੀ ਟੀਮ ਸਿਰਫ਼ 82 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਆਈਪੀਐਲ 2022 ਦੇ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਗੁਜਰਾਤ ਟਾਈਟਨਜ਼ ਵੱਲੋਂ ਦਿੱਤੇ 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਸੁਪਰ ਜਾਇੰਟਸ ਦਾ ਬੱਲੇਬਾਜ਼ੀ ਕ੍ਰਮ ਸ਼ੁਰੂ ਤੋਂ ਹੀ ਢਹਿ ਗਿਆ। ਪਾਰੀ ਦੇ ਚੌਥੇ ਓਵਰ ਵਿੱਚ ਯਸ਼ ਦਿਆਲ ਨੇ ਤਜਰਬੇਕਾਰ ਬੱਲੇਬਾਜ਼ ਕਵਿੰਟਨ ਡੀ ਕਾਕ (11) ਨੂੰ ਕੈਚ ਆਊਟ ਕੀਤਾ।
19 ਦੌੜਾਂ ‘ਤੇ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ ਵੀ ਮਹਿਜ਼ 8 ਦੌੜਾਂ ਬਣਾ ਕੇ ਮੁਹੰਮਦ ਸ਼ਮੀ ਦੀ ਗੇਂਦ ‘ਤੇ ਕੈਚ ਆਊਟ ਹੋ ਗਏ। ਤੀਜੇ ਨੰਬਰ ‘ਤੇ ਉਤਰੇ ਦੀਪਕ ਹੁੱਡਾ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ।
ਛੇਵੇਂ ਓਵਰ ਵਿੱਚ ਕਰਨ ਸ਼ਰਮਾ (4) ਦੇ ਆਊਟ ਹੋਣ ਤੋਂ ਬਾਅਦ ਕਰੁਣਾਲ ਪੰਡਯਾ (5) ਵੀ ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਜਿਸ ਤੋਂ ਬਾਅਦ ਬਿਗ ਹਿਟਰ ਦੀ ਭੂਮਿਕਾ ਨਿਭਾਉਣ ਵਾਲੇ ਆਯੂਸ਼ ਬਡੋਨੀ (8) ਨੂੰ ਵੀ ਜਲਦੀ ਆਊਟ ਕਰ ਦਿੱਤਾ ਗਿਆ।
ਮਾਰਕਸ ਸਟੋਇਨਿਸ (2) 12ਵੇਂ ਓਵਰ ‘ਚ ਰਨ ਆਊਟ ਹੋਇਆ ਤਾਂ ਜੇਸਨ ਹੋਲਡਰ ਉਸੇ ਓਵਰ ਦੀ ਆਖਰੀ ਗੇਂਦ ‘ਤੇ ਸਪਿਨਰ ਰਾਸ਼ਿਦ ਖਾਨ ਦਾ ਸ਼ਿਕਾਰ ਬਣੇ। ਅਗਲੇ ਓਵਰ ‘ਚ ਮੋਹਸਿਨ ਖਾਨ (1) ਨੂੰ ਆਊਟ ਕਰਨ ਤੋਂ ਬਾਅਦ ਲਖਨਊ ਦੀ ਆਖਰੀ ਉਮੀਦ ਬਣੇ ਹੁੱਡਾ ਵੀ 14ਵੇਂ ਓਵਰ ‘ਚ ਰਾਸ਼ਿਦ ਖਾਨ ਖਿਲਾਫ ਕੈਚ ਦੇ ਬੈਠੇ।
14ਵੇਂ ਓਵਰ ‘ਚ ਅਵੇਸ਼ ਖਾਨ ਦੇ ਆਊਟ ਹੁੰਦੇ ਹੀ ਪੂਰੀ ਟੀਮ 82 ਦੌੜਾਂ ‘ਤੇ ਢੇਰ ਹੋ ਗਈ ਅਤੇ ਗੁਜਰਾਤ ਨੇ ਇਹ ਮੈਚ 62 ਦੌੜਾਂ ਨਾਲ ਜਿੱਤ ਲਿਆ।