Site icon TV Punjab | Punjabi News Channel

ਕਾਂਗਰਸ ਨੇ ਜਾਰੀ ਕੀਤੀ ਪਹਿਲੀ ਸੂਚੀ, ਜੁਲਾਨਾ ਤੋਂ ਵਿਨੇਸ਼ ਫੋਗਾਟ ਨੂੰ ਟਿਕਟ

ਡੈਸਕ- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 31 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਹੀ ਕਾਂਗਰਸ ‘ਚ ਸ਼ਾਮਲ ਹੋਈ ਵਿਨੇਸ਼ ਫੋਗਾਟ ਨੂੰ ਜੁਲਾਨਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੂੰ ਹੋਡਲ (ਐਸਸੀ) ਸੀਟ ਤੋਂ ਟਿਕਟ ਦਿੱਤੀ ਗਈ ਹੈ। ਭੁਪਿੰਦਰ ਹੁੱਡਾ ਨੂੰ ਗੜ੍ਹੀ ਸਾਂਪਲਾ, ਕੁਲਦੀਪ ਵਤਸ ਬਾਦਲੀ ਅਤੇ ਸੁਰਿੰਦਰ ਪੰਵਾਰ ਨੂੰ ਸੋਨੀਪਤ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਬਜਰੰਗ ਪੂਨੀਆ ਇਨ੍ਹਾਂ ਦੋ ਸੀਟਾਂ ਵਿੱਚੋਂ ਬਦਲੀ ਜਾਂ ਸੋਨੀਪਤ ਵਿੱਚੋਂ ਕਿਸੇ ਇੱਕ ਤੋਂ ਚੋਣ ਲੜਨਾ ਚਾਹੁੰਦੇ ਸਨ। ਪਹਿਲੀ ਸੂਚੀ ਵਿੱਚ ਭੁਪਿੰਦਰ ਸਿੰਘ ਹੁੱਡਾ ਸਮੇਤ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਮਿਲੀਆਂ ਹਨ। ਪਾਰਟੀ ਨੇ ਇੱਕ ਵਾਰ ਫਿਰ ਲਾਲੂ ਪ੍ਰਸਾਦ ਯਾਦਵ ਦੇ ਜਵਾਈ ਅਤੇ ਰੇਵਾੜੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਚਿਰੰਜੀਵ ਰਾਓ ‘ਤੇ ਭਰੋਸਾ ਜਤਾਇਆ ਹੈ। ਭਿਵਾਨੀ—ਮਹਿੰਦਰਗੜ੍ਹ ਤੋਂ ਲੋਕ ਸਭਾ ਚੋਣ ਹਾਰ ਚੁੱਕੇ ਮਹਿੰਦਰਗੜ੍ਹ ਦੇ ਮੌਜੂਦਾ ਵਿਧਾਇਕ ਰਾਓ ਦਾਨ ਸਿੰਘ ਨੂੰ ਇਕ ਵਾਰ ਫਿਰ ਮਹਿੰਦਰਗੜ੍ਹ ਤੋਂ ਟਿਕਟ ਮਿਲੀ ਹੈ।

ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਇਸ ਲਈ ‘ਆਪ’ ਸੂਬੇ ਦੀਆਂ 50 ਸੀਟਾਂ ‘ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਐਤਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਆਮ ਆਦਮੀ ਪਾਰਟੀ ਹਰਿਆਣਾ ਵਿੱਚ 10 ਸੀਟਾਂ ਦੀ ਮੰਗ ਕਰ ਰਹੀ ਹੈ। ਕਾਂਗਰਸ ਪੰਜ ਤੋਂ ਸੱਤ ਸੀਟਾਂ ਦੀ ਪੇਸ਼ਕਸ਼ ਕਰ ਰਹੀ ਹੈ।

ਇਹੀ ਕਾਰਨ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਆਮ ਆਦਮੀ ਪਾਰਟੀ ਅਤੇ ਕਾਂਗਰਸ, ਇੰਡੀਆ ਗਠਜੋੜ ਦਾ ਹਿੱਸਾ ਹਨ, ਨੇ ਹਰਿਆਣਾ, ਗੁਜਰਾਤ ਅਤੇ ਦਿੱਲੀ ਵਿੱਚ ਇਕੱਠੇ ਲੋਕ ਸਭਾ ਚੋਣਾਂ ਲੜੀਆਂ ਸਨ। ਆਮ ਆਦਮੀ ਪਾਰਟੀ ਨੂੰ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਮਿਲੀ ਸੀ। ਸੁਸ਼ੀਲ ਗੁਪਤਾ ਨੇ ਇੱਥੋਂ ਚੋਣ ਲੜੀ ਸੀ। ਉਹ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ ਸਨ।

Exit mobile version