ਡੈਸਕ- ਪਿਛਲੇ ਕੱਝ ਦਿਨਾਂ ਤੋਂ ਮਿਲ ਰਿਹਾ ‘ਠੰਡਕ ਦਾ ਅਹਿਸਾਸ’ ਖਤਮ ਹੋਣ ਵਾਲਾ ਹੈ । ਮੌਸਮ ਵਿਭਾਗ ਵੱਲੋਂ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿਖੇ ਆਉਣ ਵਾਲੇ 5 ਦਿਨਾਂ ਲਈ ਭਵਿੱਖਬਾਣੀ ਕਰਦਿਆ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਦਿਨ ਭਰ ਤਾਪਮਾਨ ਵਧਣ ਤੋਂ ਬਾਅਦ ਦੇਰ ਸ਼ਾਮ ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਅਤੇ ਗੜੇਮਾਰੀ ਹੋਈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ਦੌਰਾਨ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੂਰਜ ਚਮਕੇਗਾ। ਆਈ.ਐਮ.ਡੀ 15 ਜੂਨ ਦੀ ਭਵਿੱਖਬਾਣੀ ਮੁਤਾਬਕ ਤਾਪਮਾਨ 44 ਡਿਗਰੀ ਤੋਂ 47 ਡਿਗਰੀ ਤੱਕ ਪਹੁੰਚ ਸਕਦਾ ਹੈ, ਇਸ ਲਈ ਲੋਕਾਂ ਨੂੰ ਹੀਟਵੇਵ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਸਿਰਫ 32.7 ਡਿਗਰੀ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 20.6 ਡਿਗਰੀ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 31.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ।
ਇਸ ਵਾਰ ਮਈ ਮਹੀਨੇ ਦੀ ਬਾਰਿਸ਼ ਨੇ ਹਰਿਆਣਾ ਅਤੇ ਪੰਜਾਬ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰਿਆਣਾ ਵਿੱਚ ਮਈ ਮਹੀਨੇ ਵਿੱਚ 52.4 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 161 ਫੀਸਦੀ ਵੱਧ ਹੈ। ਦੂਜੇ ਪਾਸੇ ਜੇਕਰ ਪੰਜਾਬ ਵਿੱਚ ਮਈ ਮਹੀਨੇ ਦੇ ਔਸਤ ਤਾਪਮਾਨ ਦੀ ਗੱਲ ਕਰੀਏ ਤਾਂ 25.9 ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ ਲਗਭਗ 15 ਡਿਗਰੀ ਸੈਲਸੀਅਸ ਘੱਟ ਗਿਆ ਹੈ।
2 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਇੱਕ ਹੋਰ ਕਮਜ਼ੋਰ ਸ਼੍ਰੇਣੀ ਵੈਸਟਰਨ ਡਿਸਟਰਬੈਂਸ 4 ਜੂਨ ਨੂੰ ਸਰਗਰਮ ਹੋਣ ਜਾ ਰਹੀ ਹੈ, ਜਿਸ ਕਾਰਨ ਅਰਬ ਸਾਗਰ ‘ਤੇ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ 4 ਤੋਂ 6 ਜੂਨ ਦੌਰਾਨ ਹਰਿਆਣਾ ਦੇ ਕਈ ਇਲਾਕਿਆਂ ‘ਚ ਬੱਦਲਵਾਈ ਹੋਣ ਦੇ ਨਾਲ-ਨਾਲ ਹਲਕੀ ਬਾਰਿਸ਼ ਪੈ ਸਕਦੀ ਹੈ।