ਡੈਸਕ- ਪੰਜਾਬ ਵਿਚ ਮਾਨਸੂਨ ਆਪਣਾ ਅਸਰ ਫਿਰ ਤੋਂ ਦਿਖਾਉਣ ਵਾਲਾ ਹੈ। ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਵੀ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ। ਦੂਜੇ ਪਾਸੇ ਕਈ ਸ਼ਹਿਰਾਂ ਵਿਚ ਬੱਦਲ ਛਾਏ ਹੋਏ ਹਨ ਤੇ ਕਿਤੇ-ਕਿਤੇ ਧੁੱਪ ਨਿਕਲੀ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਪਟਿਆਲਾ ਤੇ ਲੁਧਿਆਣਾ ਵਿਚ 4 ਐੱਮਐੱਮ, ਬਰਨਾਲਾ ਵਿਚ 19.5 ਐੱਮਐੱਮ ਫਤਿਹਗੜ੍ਹ ਸਾਹਿਬ ਵਿਚ 6 ਐੱਮਐੱਮ, ਮੋਗਾ ਵਿਚ 3.5 ਐੱਮਐੱਮ, ਰੋਪੜ ਵਿ 2.5 ਐੱਮਐੱਮ ਤੇ ਬਲਾਚੌਰ ਵਿਚ 5ਐੱਮਐੱਮ ਮੀਂਹ ਦਰਜ ਕੀਤਾ ਗਿਆ।
ਬੀਤੇ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਕਾਰਨ ਰਾਵੀ, ਘੱਗਰ ਤੇ ਮਾਰਕੰਡਾ ਨਦੀਆਂ ਦਾ ਜਲ ਪੱਧਰ ਫਿਰ ਤੋਂ ਵਧਣ ਲੱਗਾ। ਗੁਰਦਾਸਪੁਰ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿਚ ਰਾਵੀ ਦਾ ਪਾਣੀ ਦਾ ਪੱਧਰ ਵਧਣ ਨਾਲ ਕੱਸੋਵਾਲ ਤੱਕ ਪਹੁੰਚਣ ਦਾ ਰਸਤਾ ਟੁੱਟ ਗਿਆ ਹੈ। ਪਟਿਆਲਾ ਵਿਚ ਵੀ ਦੁਬਾਰਾ ਟਾਂਗਰੀ ਤੇ ਮਾਰਕੰਡਾ ਨਦੀਆਂ ਦਾ ਪਾਣੀ ਦਾ ਪੱਧਰ ਵਧ ਗਿਾ। ਪ੍ਰਸ਼ਾਸਨ ਨੇ ਘਨੌਰ ਤੇ ਸਨੌਰ ਦੇ ਕਈ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਹੈ।