Site icon TV Punjab | Punjabi News Channel

ਤੇਜ਼ ਹਵਾਵਾਂ ਅਤੇ ਭਾਰੀ ਬਰਸਾਤ ਵਾਲਾ ਹੋਵੇਗਾ ਸ਼ਨੀਵਾਰ

ਡੈਸਕ- ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਮੌਸਮ ਵਿਭਾਗ ਨੇ ਦੁਪਹਿਰ ਤੱਕ ਤਰਨਤਾਰਨ, ਫਿਰੋਜ਼ਪੁਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਮੋਗਾ ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕੀਤਾ ਹੈ ਜਿਥੇ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਹੋਰ ਕਈ ਸੂਬਿਆਂ ਵਿਚ ਅੱਜ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ ਜਿਸ ਨਾਲ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤਾਪਮਾਨ 3 ਤੋਂ 5 ਡਿਗਰੀ ਤੱਕ ਡਿਗਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਮੁਤਾਬਕ 9 ਜ਼ਿਲ੍ਹਿਆਂ ਵਿਚ ਅਲਰਟ ਤੋਂ ਇਲਾਵਾ ਪੂਰੇ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 9 ਜ਼ਿਲ੍ਹਿਆਂ ਤੋਂ ਇਲਾਵਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਤਿਹਗੜ੍ਹ ਸਾਹਿਬ, ਤਲਵੰਡੀ ਸਾਬੋ ਬਰਨਾਲਾ, ਸੰਗਰੂਰ, ਮੋਹਾਲੀ, ਮੋਗਾ ਨਕੋਦਰ, ਕਪੂਰਥਲਾ, ਜਲੰਧਰ, ਆਨੰਦਪੁਰ ਸਾਹਿਬ, ਫਗਵਾੜਾ ਵਿਚ ਯੈਲੋ ਅਲਰਟ ਜਾਰੀ ਹੈ।

ਅੱਜ ਪੂਰਾ ਦਿਨ ਮੀਂਹ ਰਹਿਣ ਕਾਰਨ ਦਿਨ ਦੇ ਜ਼ਿਆਦਾਤਰ ਤਾਪਮਾਨ ਵਿਚ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਹੇਠਾਂ ਡਿੱਗੇਗਾ। ਇਹ ਮੌਸਮ ਐਤਵਾਰ ਵੀ ਬਣਿਆ ਰਹੇਗਾ। ਮੀਂਹ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 9 ਜੁਲਾਈ ਨੂੰ ਵੀ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। 10 ਜੁਲਾਈ ਨੂੰ ਮੌਸਮ ਸਾਫ ਹੋ ਜਾਵੇਗਾ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਰੋਪੜ ਵਿਚ 21.0 ਮਿਲੀਮੀਟਰ, ਗੁਰਦਾਸਪੁਰ ਤੇ ਐੱਸਬੀਐੱਸ ਨਗਰ ਵਿਚ 4.2 ਮਿਲੀਮੀਟਰ, ਲੁਧਿਆਣਾ ‘ਚ 0.5 ਮਿਲੀਮੀਟਰ, ਚੰਡੀਗੜ੍ਹ ਵਿਚ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿਚ ਵੀ ਦਿਨ ਵਿਚ ਬੂੰਦਾਬਾਦੀ ਹੋਈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਪੰਜਾਬ ਦੇ ਮਾਝਾ ਤੇ ਦੁਆਬਾ ਵਿਚ ਭਾਰੀ ਮੀਂਹ ਪੈ ਸਕਦਾ ਹੈ।

Exit mobile version