ਜਲੰਧਰ : ਪੰਜਾਬੀ ਖਿਡਾਰੀਆਂ ਜੋ ਜੋਸ਼ ਹੈ ਉਸ ਨੁੰ ਸਾਂਭ ਕੇ ਸਹੀ ਰਸਤੇ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਜੇਕਰ ਖਿਡਾਰੀਆਂ ਨੂੰ ਸਹੀ ਸਮੇਂ ਤੇ ਸਹੀ ਸੇਧ ਦਿੱਤੀ ਜਾਵੇ ਤਾਂ ਉਲੰਪਿਕ ਪੱਧਰ ਤੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹੋਰ ਸੁਧਾਰਿਆ ਜਾ ਸਕਦਾ ਹੈ।
ਇਹ ਵਿਚਾਰ ਪੰਜਾਬ ਦੇ ਸਿੱਖਿਆ, ਖੇਡਾਂ ਅਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਜਲੰਧਰ ਦੇ ਜਿੰਮਖਾਨਾ ਕਲੱਬ ਵਿਚ ਹਾਕੀ ਪੰਜਾਬ ਵੱਲੋਂ ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਦਾ ਸਨਮਾਨ ਕਰਦੇ ਸਮੇਂ ਕਹੇ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦਾ ਤਾਲਮੇਲ ਹੋਣ ਬਹੁਤ ਜ਼ਰੂਰੀ ਹੈ।ਇਸ ਤਾਲਮੇਲ ਨਾਲ ਛੋਟੇ ਉਮਰ ਦੇ ਖਿਡਾਰੀਆਂ ਨੂੰ ਸਹੀ ਉਮਰ ਵਿੱਚ ਹੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੇ ੳਲੰਪਿਕ ਤਮਗਾ ਜੇਤੂ ਖਿਡਾਰੀਆਂ ਹਰਮਨਪ੍ਰੀਤ ਸਿੰਘ (ਉਪ ਕਪਤਾਨ ਭਾਰਤੀ ਹਾਕੀ ਟੀਮ), ਰੁਪਿੰਦਰਪਾਲ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਗੁਰਜੀਤ ਕੌਰ ਦੀ ਭੈਣ ਪ੍ਰਦੀਪ ਕੌਰ ਨੂੰ ਸਨਮਾਨਿਤ ਕੀਤਾ।
ਭਾਰਤੀ ਹਾਕੀ ਟੀਮ ਦੇ ਕਪਤਾਨ ਇਸ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨਾਲ ਮੀਟਿੰਗ ਕਰਕੇ ਨਵੀਂ ਦਿੱਲੀ ਵਿਚ ਹਨ। ਗੁਰਜੀਤ ਕੌਰ ਇਸ ਸਮੇਂ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ਕਰਕੇ ਬੰਗਲੁਰੂ ਵਿਚ ਹੈ, ਇਸ ਕਰਕੇ ਉਹ ਸ਼ਾਮਲ ਨਹੀਂ ਹੋਈ।
ਇਸ ਮੌਕੇ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮੰਡੇਰ, ਜਲੰਧਰ ਜਿੰਮਖਾਨਾ ਦੇ ਸਕੱਤਰ ਤਰੁਣ ਸਿੱਕਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਮਰਦੀਪ ਸਿੰਘ ਬੈਂਸ ਏਡੀਸੀ ਜਲੰਧਰ, ਜਲੰਧਰ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਵੀ ਹਾਜ਼ਰ ਸਨ।
ਟੀਵੀ ਪੰਜਾਬ ਬਿਊਰੋ