Site icon TV Punjab | Punjabi News Channel

ਮਹਾਰਾਸ਼ਟਰ ਦੇ ਬਾਗਬਾਨੀ ਮਾਹਰਾਂ ਵੱਲੋਂ PAU ਦਾ ਦੌਰਾ

ਲੁਧਿਆਣਾ : ਅੱਜ ਮਹਾਰਾਸ਼ਟਰ ਦੀ ਇਕ ਟੀਮ ਨੇ ਪੀ.ਏ.ਯੂ. ਦਾ ਦੌਰਾ ਕੀਤਾ । ਇਸ ਟੀਮ ਵਿਚ ਮਹਾਰਾਸ਼ਟਰ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਕੈਲਾਸ਼ ਮੋਟੇ, ਔਰੰਗਾਬਾਦ ਦੇ ਜ਼ਿਲਾ ਖੇਤੀ ਅਧਿਕਾਰੀ ਸ੍ਰੀ ਤੁਕਾਰਾਮ ਮੋਟੇ, ਬਾਗਬਾਨੀ ਮਾਹਿਰ ਡਾ. ਭਗਵਾਨ ਰਾਓ ਕਪਸੇ, ਬਾਗਬਾਨੀ ਦੇ ਤਕਨੀਕੀ ਅਧਿਕਾਰੀ ਸ੍ਰੀ ਵਸੰਤ ਬਿਨਵਾੜੇ, ਪੈਠਾਨ ਦੇ ਖੇਤੀ ਅਧਿਕਾਰੀ ਸ੍ਰੀ ਸੰਦੀਪ ਸ਼ਿਰਸਥ, ਮੌਰਸ਼ੀ ਦੇ ਜ਼ਿਲਾ ਖੇਤੀ ਅਧਿਕਾਰੀ ਸ੍ਰੀ ਮਨੋਜ ਵਾਨਖੇੜੇ, ਪੈਥਾਨ ਫਲ ਨਰਸਰੀ ਅਧਿਕਾਰੀ ਸ੍ਰੀ ਸਿਧਾਰਥ ਗਾਇਕਵਾਡ ਅਤੇ ਮਹਾਰਾਸ਼ਟਰ ਦੇ ਅਗਾਂਹਵਧੂ ਕਿਸਾਨ ਸ੍ਰੀ ਨੰਦਲਾਲ ਬੰਸੀਲਾਲ ਕਾਲੇ ਸ਼ਾਮਿਲ ਸਨ ।

ਇਸ ਟੀਮ ਨੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਅਤੇ ਬਾਗਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ । ਡਾ. ਕੈਲਾਸ਼ ਮੋਟੇ ਨੇ ਇਸ ਮੌਕੇ ਮਹਾਰਾਸ਼ਟਰ ਵਿਚ ਬਾਗਬਾਨੀ ਦੀ ਸਥਿਤੀ ਅਤੇ ਸੰਭਾਵਨਾਵਾਂ ਬਾਰੇ ਗੱਲ ਕੀਤੀ ।

ਇਸ ਵਫ਼ਦ ਦਾ ਸਵਾਗਤ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕੀਤਾ । ਡਾ. ਸੋਢੀ ਨੇ ਪੀ.ਏ.ਯੂ. ਵੱਲੋਂ ਫਲਦਾਰ ਫਸਲਾਂ ਦੀ ਖੋਜ ਅਤੇ ਕਿਸਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਲੁਧਿਆਣਾ ਦੇ ਬਾਗਬਾਨੀ ਉਪ ਨਿਰਦੇਸ਼ਕ ਡਾ. ਜਗਦੇਵ ਸਿੰਘ ਨੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸੂਬੇ ਵਿਚ ਬਾਗਬਾਨੀ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਪਾਇਆ ।

ਇਸ ਵਫ਼ਦ ਨੇ ਫ਼ਲ ਵਿਗਿਆਨ ਵਿਭਾਗ, ਸਬਜ਼ੀ ਵਿਗਿਆਨ ਵਿਭਾਗ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦਾ ਦੌਰਾ ਕੀਤਾ । ਇਸ ਦੌਰੇ ਦੇ ਕੁਆਰਡੀਨੇਟਰ ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਸਨ ।

ਬਾਅਦ ਵਿੱਚ ਇਹ ਵਫ਼ਦ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇਖਣ ਲਈ ਗਿਆ । ਅਪਰ ਨਿਰਦੇਸ਼ਕ ਖੋਜ ਗੁਰਸਾਹਿਬ ਸਿੰਘ ਮਨੇਸ ਦੀ ਨਿਗਰਾਨੀ ਹੇਠ ਇਸ ਵਫ਼ਦ ਨੇ ਖੇਤ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦਾ ਦੌਰਾ ਕੀਤਾ ।

ਇਸ ਦੇ ਨਾਲ ਹੀ ਭੂਮੀ-ਪਾਣੀ ਇੰਜਨੀਅਰਿੰਗ ਵਿਭਾਗ ਵਿਚ ਵੀ ਚਲ ਰਹੇ ਖੋਜ ਕਾਰਜਾਂ ਨੂੰ ਦੇਖਿਆ । ਬਾਅਦ ਵਿਚ ਮਹਾਰਾਸ਼ਟਰ ਦਾ ਵਫਦ ਪੀ.ਏ.ਯੂ. ਦੇ ਬਾਗਾਂ ਵਿਚ ਬਾਗਬਾਨੀ ਗਤੀਵਿਧੀਆਂ ਦੇਖਣ ਲਈ ਪੁੱਜਾ ।

ਇਹ ਸਮੁੱਚਾ ਦੌਰਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਵਿਚ ਸਿਰੇ ਚੜਿਆ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਲੁਧਿਆਣਾ ਦੇ ਵਧੀਕ ਨਿਰਦੇਸ਼ਕ ਬਾਗਬਾਨੀ ਡਾ. ਬਲਕਾਰ ਸਿੰਘ ਵੀ ਮੌਜੂਦ ਸਨ । ਅੰਤ ਵਿਚ ਸ੍ਰੀ ਰਵੀ ਭਲੂਰੀਆ ਨੇ ਸਮੁੱਚੇ ਵਫਦ ਅਤੇ ਪੀ.ਏ.ਯੂ. ਮਾਹਿਰਾਂ ਦਾ ਧੰਨਵਾਦ ਕੀਤਾ ।

ਟੀਵੀ ਪੰਜਾਬ ਬਿਊਰੋ

Exit mobile version