Site icon TV Punjab | Punjabi News Channel

ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਅਦਾਲਤ ਨੇ 18 ਅਕਤੂਬਰ ਲਈ ਸੁਰੱਖਿਅਤ ਰੱਖਿਆ ਫ਼ੈਸਲਾ

ਪੰਚਕੂਲਾ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਬਾਕੀ ਦੋਸ਼ੀਆਂ ਨੂੰ ਅੱਜ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਸਜਾ ਸੁਣਾਈ ਜਾਣੀ ਸੀ ਪਰ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਅੱਜ ਸੀ. ਬੀ. ਆਈ ਅਦਾਲਤ ਵਿਚ ਬਹਿਸ ਪੂਰੀ ਨਹੀਂ ਹੋ ਸਕੀ।

ਹੁਣ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਫ਼ੈਸਲਾ 18 ਅਕਤੂਬਰ ਲਈ ਸੁਰੱਖਿਅਤ ਰੱਖਿਆ ਗਿਆ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਣੇ ਉਸ ਦੇ ਚਾਰ ਸਾਥੀਆਂ ਅਵਤਾਰ, ਜਸਬੀਰ, ਸਬਦਿਲ ਅਤੇ ਕ੍ਰਿਸ਼ਨ ਕੁਮਾਰ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨ ਕੁਮਾਰ ਨੂੰ ਆਈਪੀਸੀ ਦੀ ਧਾਰਾ 302 ਅਤੇ 120-ਬੀ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਹੀ ਅਵਤਾਰ, ਜਸਬੀਰ ਅਤੇ ਸਬਦਿਲ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਅਤੇ 120-ਬੀ ਅਤੇ ਆਰਮ ਐਕਟ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਤੋਂ ਪਹਿਲਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਸੁਨਾਰੀਆ ਜੇਲ੍ਹ ਤੋਂ ਕੋਰਟ ਰੂਮ ਨਾਲ ਜੁੜਿਆ ਹੋਇਆ ਸੀ। ਬਚਾਅ ਪੱਖ ਨੇ ਅਦਾਲਤ ਵਿਚ ਡੇਰਾ ਮੁਖੀ ਵੱਲੋਂ ਅੱਠ ਪੰਨਿਆਂ ਦੀ ਰਹਿਮ ਅਪੀਲ ਦਾਇਰ ਕੀਤੀ ਸੀ, ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਡੇਰਾ ਮੁਖੀ ਵੱਲੋਂ ਵੱਡੀ ਗਿਣਤੀ ਵਿਚ ਸਮਾਜ ਸੇਵਾ ਦੇ ਕੰਮ ਕੀਤੇ ਗਏ ਹਨ ਅਤੇ ਉਸ ਨੂੰ ਸਜ਼ਾ ਦੇਣ ਤੋਂ ਪਹਿਲਾਂ ਕੰਮਾਂ ਨੂੰ ਧਿਆਨ ਵਿਚ ਰੱਖਿਆ ਜਾਵੇ।

ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ 700 ਜਵਾਨ ਡਿਊਟੀ ’ਤੇ ਲਗਾਏ ਸਨ ਅਤੇ ਅਦਾਲਤ ਦੇ ਨਾਲ ਮਿੰਨੀ ਸਕੱਤਰੇਤ ਨੂੰ ਜਾਂਦੇ ਸਾਰੇ ਰਸਤਿਆਂ ਉਪਰ ਨਾਕੇ ਲਾਏ ਹੋਏ ਸਨ।

ਡੀਸੀਪੀ ਨੇ ਪੂਰੇ ਜ਼ਿਲ੍ਹੇ ਵਿਚ ਧਾਰਾ 144 ਲਗਾ ਦਿੱਤੀ ਸੀ ਅਤੇ ਪੁਲਿਸ ਨੇ ਪੁਲਿਸ ਟ੍ਰੇਨਿੰਗ ਸੈਂਟਰ ਕਰਨਾਲ ਤੋਂ ਹਰਿਆਣਾ ਆਰਮਡ ਪੁਲਿਸ ਦੀ ਟੁਕੜੀ ਮੰਗਵਾਈ ਹੋਈ ਸੀ। ਇਸ ਤੋਂ ਇਲਾਵਾ ਆਈਟੀਬੀਪੀ ਦੀ ਟੀਮ ਮਿੰਨੀ ਸਕੱਤਰੇਤ ਅਤੇ ਕੋਰਟ ਦੇ ਆਸ ਪਾਸ ਨਿਗਰਾਨੀ ਕਰ ਰਹੀ ਸੀ।

ਟੀਵੀ ਪੰਜਾਬ ਬਿਊਰੋ

Exit mobile version