New York- ਸ਼ਿਕਾਗੋ ’ਚ ਭਾਰਤੀ ਦੂਤਾਵਾਸ ਉਸ ਵਿਦਿਆਰਥਣ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਮਾਨਿਸਕ ਤੌਰ ’ਤੇ ਪਰੇਸ਼ਾਨ ਹੋਣ ਅਤੇ ਆਰਥਿਕ ਸਥਿਤੀ ਖ਼ਰਾਬ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਦੂਤਾਵਾਸ ਦਾ ਕਹਿਣਾ ਹੈ ਕਿ ਉਸ ਵਲੋਂ ਵਿਦਿਆਰਥਣ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧ ਰੱਖਣ ਵਾਲੀ ਇਹ ਵਿਦਿਆਰਥਣ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਈ ਸੀ ਅਤੇ ਉਸ ਨੂੰ ਬੀਤੇ ਦਿਨੀਂ ਸ਼ਿਕਾਗੋ ਦੀਆਂ ਸੜਕਾਂ ’ਤੇ ਭੁੱਖਮਰੀ ਦੀ ਹਾਲਤ ’ਚ ਦੇਖਿਆ ਗਿਆ ਸੀ। ਇਸ ਸਬੰਧ ’ਚ ਵਿਦਿਆਰਥਣ ਦੀ ਮਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਉੱਧਰ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐਸ.) ਦੇ ਨੇਤਾ ਖਲੀਕੁਰ ਰਹਿਮਾਨ ਨੇ ਟਵਿੱਟਰ ’ਤੇ ਵਿਦਿਆਰਥਣ ਦੀ ਮਾਂ ਵਲੋਂ ਵਿਦੇਸ਼ ਮੰਤਰੀ ਨੂੰ ਲਿਖੀ ਇਸ ਚਿੱਠੀ ਨੂੰ ਸਾਂਝਿਆਂ ਕੀਤਾ ਹੈ, ਜਿਸ ’ਚ ਉਸ ਨੇ ਲਿਖਿਆ ਹੈ ਕਿ ਉਸ ਦੀ ਧੀ ਸਈਦਾ ਲੂਲੂ ਮਿਨਹਾਜ ਜ਼ੈਦੀ ਅਗਸਤ 2021 ’ਚ ਅਮਰੀਕਾ ’ਚ ਉਚੇਰੀ ਸਿੱਖਿਆ ਹਾਸਲ ਕਰਨ ਗਈ ਸੀ। ਉਸ ਨੇ ਦੱਸਿਆ ਬੀਤੇ ਦੋ ਮਹੀਨਿਆਂ ਤੋਂ ਉਹ ਉਨ੍ਹਾਂ ਦੇ ਸੰਪਰਕ ’ਚ ਨਹੀਂ ਸੀ ਅਤੇ ਹਾਲ ਹੀ ’ਚ ਤੇਲੰਗਾਨਾ ਦੇ ਦੋ ਨੌਜਵਾਨਾਂ ਕੋਲੋਂ ਮੈਨੂੰ ਪਤਾ ਲੱਗਾ ਕਿ ਮੇਰੀ ਧੀ ਡਿਪਰੈਸ਼ਨ ’ਚ ਹੈ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਤਰਸਯੋਗ ਹੈ ਅਤੇ ਉਸ ਨੂੰ ਸ਼ਿਕਾਗੋ ਦੀਆਂ ਸੜਕਾਂ ’ਤੇ ਦੇਖਿਆ ਗਿਆ ਸੀ। ਉੱਧਰ ਸ਼ਿਕਾਗੋ ’ਚ ਭਾਰਤੀ ਦੂਤਾਵਾਸ ਸਈਦਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਤਾਵਾਸ ਮੁਤਾਬਕ ਉਹ ਸਈਦਾ ਲੂਲੂ ਮਿਨਹਾਜ਼ ਜੈਦੀ ਦੇ ਮਾਮਲੇ ਤੋਂ ਜਾਣੂ ਹਨ ਅਤੇ ਸਥਾਨਕ ਪੁਲਿਸ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਉਹ ਉਸ ਦਾ ਪਤਾ ਲਗਾਉਣ ’ਚ ਲੱਗਾ ਹੈ। ਦੂਤਾਵਾਸ ਨੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।