Site icon TV Punjab | Punjabi News Channel

ਫੈਡਰਲ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਅਗਲੇ ਸਾਲ ਸ਼ੁਰੂ ਹੋਣਗੀਆਂ ਜਨਤਕ ਜਾਂਚ ਦੀਆਂ ਸੁਣਵਾਈਆਂ

ਫੈਡਰਲ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਅਗਲੇ ਸਾਲ ਸ਼ੁਰੂ ਹੋਣਗੀਆਂ ਜਨਤਕ ਜਾਂਚ ਦੀਆਂ ਸੁਣਵਾਈਆਂ

Ottawa- ਕੈਨੇਡੀਅਨ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਜਨਤਕ ਜਾਂਚ ਕਮੀਸ਼ਨ ਨਵੇਂ ਸਾਲ ਦੇ ਸ਼ੁਰੂ ’ਚ ਸੁਣਵਾਈਆਂ ਸ਼ੁਰੂ ਕਰੇਗਾ, ਜਿਸ ’ਚ ਸਭ ਪਹਿਲਾਂ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਕੀ ਚੀਨ, ਰੂਸ ਜਾਂ ਹੋਰ ਕਿਸੇ ਮੁਲਕ ਨੇ 2019 ਅਤੇ 2021 ਦੀਆਂ ਫ਼ੈਡਰਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਵਿਚ ਫਿਰ ਇਸ ਸਵਾਲ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਕੀ ਫ਼ੈਡਰਲ ਸਰਕਾਰ ਕੋਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਪਤਾ ਲਗਾਉਣ ਅਤੇ ਉਸ ਨਾਲ ਨਜਿੱਠਣ ਦੀ ਸਮਰੱਥਾ ਹੈ।
ਜਾਂਚ ਦੀ ਪਹਿਲੀ ਰਿਪੋਰਟ ਫ਼ਰਵਰੀ ਦੇ ਅੰਤ ਤੱਕ ਅਤੇ ਅੰਤਿਮ ਰਿਪੋਰਟ ਸਾਲ 2024 ਤੱਕ ਪੇਸ਼ ਹੋਵੇਗੀ। ਜਾਂਚ ਕਮਿਸ਼ਨਰ, ਮੈਰੀ-ਯੋਜ਼ੀ ਹੌਗ ਨੇ ਇੱਕ ਬਿਆਨ ਵਿਚ ਕਿਹਾ, ‘‘ਸਾਡੀ ਸਮਾਂ-ਰੇਖਾ ਅਭਿਲਾਸ਼ੀ ਹੈ ਅਤੇ ਇਸ ਦੇ ਲਈ ਜਾਂਚ ਦੀ ਲੋੜ ਹੋਵੇਗੀ ਤੇ ਜਾਂਚ ਦੌਰਾਨ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਨਾਲ ਤੇਜ਼ੀ ਨਾਲ ਅਤੇ ਸਹਿਯੋਗ ਨਾਲ ਕੰਮ ਕਰਨ ਦੀ ਲੋੜ ਹੋਵੇਗੀ”।’’ ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ’ਚ ਸ਼ਾਮਿਲ ਸਾਰੇ ਲੋਕਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ।
ਹੌਗ ਨੇ ਕਾਨੂੰਨ ਦੀਆਂ ਸੀਮਾਵਾਂ ਦੇ ਅੰਦਰ ਅਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਏ ਬਿਨਾਂ ਵੱਧ ਤੋਂ ਵੱਧ ਜਾਣਕਾਰੀ ਜਨਤਕ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਹਾਲਾਂਕਿ ਇਹ ਇੱਕ ਮੁਸ਼ਕਲ ਸੰਤੁਲਨ ਹੋਵੇਗਾ, ਪਰ ਮੈਂ ਇਸਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੀ, ਕਿਉਂਕਿ ਇਹ ਦੋਵੇਂ ਉਦੇਸ਼ ਬਹੁਤ ਅਹਿਮ ਹਨ।
ਦੱਸ ਦਈਏ ਕਿ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ 2019 ਅਤੇ 2021 ਦੀਆਂ ਸੰਘੀ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਸੀ। ਹਾਲਾਂਕਿ ਚੀਨੀ ਦੂਤਾਵਾਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਕੈਨੇਡੀਅਨ ਚੋਣਾਂ ’ਚ ਦਖਲ ਦਿੱਤਾ ਹੈ।
ਸ਼ੁਰੂ ’ਚ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਨ ਨੂੰ ਇਹਨਾਂ ਦੋਸ਼ਾਂ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਜੂਨ ’ਚ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਸੀ ਕਿ ਬਹੁਤ ਜ਼ਿਆਦਾ ਸਿਆਸੀਕਰਨ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਜਾਰੀ ਰੱਖਣਾ ਮੁਸ਼ਕਿਲ ਹੋ ਗਿਆ ਹੈ। ਜੌਨਸਨ ਨੇ ਜਨਤਕ ਜਾਂਚ ਦੇ ਵਿਰੁੱਧ ਸਿਫਾਰਸ਼ ਕੀਤੀ ਸੀ, ਪਰ ਵਿਰੋਧੀ ਸੰਸਦ ਮੈਂਬਰਾਂ ਨੇ ਦਲੀਲ ਦਿੱਤੀ ਸੀ ਕਿ ਜਨਤਕ ਜਾਂਚ ਹੀ ਜ਼ਰੂਰੀ ਹੈ।

Exit mobile version