ਇੰਡੀਅਨ ਪ੍ਰੀਮੀਅਰ ਲੀਗ (IPL 2023) ‘ਚ ਵੀਰਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਮੈਚ ‘ਚ ਪੰਜਾਬ ਕਿੰਗਜ਼ (PBKS) ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨਾਲ ਉਨ੍ਹਾਂ ਦੇ ਘਰ ‘ਤੇ ਭਿੜੇਗੀ। ਆਪਣਾ ਆਖਰੀ ਮੈਚ ਜਿੱਤ ਕੇ ਇੱਥੇ ਪਹੁੰਚੇ ਪੰਜਾਬ ਦੇ ਇਰਾਦੇ ਮਜ਼ਬੂਤ ਹੋਣਗੇ, ਜਦਕਿ ਹੁਣ ਤੱਕ ਖੇਡੇ ਗਏ 5 ‘ਚੋਂ ਸਿਰਫ 2 ਮੈਚ ਜਿੱਤਣ ਵਾਲੀ ਰਾਇਲਜ਼ ਦੀ ਟੀਮ ਇੱਥੇ ਪੰਜਾਬ ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ।
ਉਸ ਦਾ ਨਿਯਮਤ ਕਪਤਾਨ ਸ਼ਿਖਰ ਧਵਨ ਸ਼ਾਨਦਾਰ ਫਾਰਮ ‘ਚ ਹੈ। ਪਰ ਮੋਢੇ ਦੀ ਸੱਟ ਕਾਰਨ ਉਹ ਆਖਰੀ ਮੈਚ ਨਹੀਂ ਖੇਡ ਸਕਿਆ ਸੀ, ਜਦਕਿ ਅੱਜ ਵੀ ਉਸ ਦੇ ਖੇਡਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ ਉਸ ਦਾ ਸਟਾਰ ਆਲਰਾਊਂਡਰ ਲਿਆਮ ਲਿਵਿੰਗਸਟੋਨ ਹੁਣ ਤੱਕ ਟੀਮ ‘ਚ ਨਹੀਂ ਖੇਡ ਸਕਿਆ ਹੈ, ਉਹ ਵੀ ਸੱਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸ਼ਿਖਰ ਦੀ ਜਗ੍ਹਾ ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਟੀਮ ਦੀ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਦੀ ਕਪਤਾਨੀ ‘ਚ ਪਿਛਲੇ ਮੈਚ ‘ਚ ਟੀਮ ਨੂੰ ਜਿੱਤ ਦਿਵਾਈ ਸੀ। ਪੰਜਾਬ ਲਈ ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੇ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਇਲਾਵਾ ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਅਤੇ ਐੱਮ ਸ਼ਾਹਰੁਖ ਖਾਨ ਨੇ ਵੀ ਜਿੱਤ ‘ਚ ਯੋਗਦਾਨ ਪਾਇਆ।
ਹਾਲਾਂਕਿ ਲਖਨਊ ਦੇ ਮੁਕਾਬਲੇ, ਆਰਸੀਬੀ ਇੱਕ ਸਖ਼ਤ ਵਿਰੋਧੀ ਹੈ ਅਤੇ ਕਰਨ ਜਾਣਦਾ ਹੈ ਕਿ ਉਸਨੂੰ ਵੀ ਫਾਫ ਡੂ ਪਲੇਸਿਸ ਦੇ ਖਿਡਾਰੀਆਂ ਨੂੰ ਹਰਾਉਣ ਲਈ ਬੱਲੇ ਨਾਲ ਯੋਗਦਾਨ ਦੇਣਾ ਹੋਵੇਗਾ। ਬੱਲੇਬਾਜ਼ ਵਜੋਂ ਉਸ ਦੀ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹ ਪਿਛਲੇ ਮੈਚ ਵਿੱਚ ਸਿਰਫ਼ ਛੇ ਦੌੜਾਂ ਹੀ ਬਣਾ ਸਕਿਆ ਸੀ। ਉਸ ਦੀਆਂ ਤਿੰਨ ਵਿਕਟਾਂ ਨੇ ਹਾਲਾਂਕਿ ਕੇਐੱਲ ਰਾਹੁਲ ਦੀ ਟੀਮ ਨੂੰ 8 ਵਿਕਟਾਂ ‘ਤੇ 159 ਦੌੜਾਂ ‘ਤੇ ਰੋਕਣ ‘ਚ ਅਹਿਮ ਭੂਮਿਕਾ ਨਿਭਾਈ।
ਧਵਨ ਦੀ ਮੌਜੂਦਗੀ ‘ਚ ਪੰਜਾਬ ਦਾ ਸਿਖਰਲਾ ਕ੍ਰਮ ਮਜ਼ਬੂਤ ਹੈ ਪਰ ਉਸ ਦੀ ਫਿਟਨੈੱਸ ‘ਤੇ ਸ਼ੱਕ ਹੋਣ ਕਾਰਨ ਉਸ ਦੇ ਸਲਾਮੀ ਜੋੜੀਦਾਰ ਪ੍ਰਭਸਿਮਰਨ ਸਿੰਘ ਨੂੰ ਸਮਝਦਾਰੀ ਨਾਲ ਖੇਡਣਾ ਹੋਵੇਗਾ। ਪ੍ਰਭਸਿਮਰਨ (ਚਾਰ) ਅਤੇ ਉਸ ਦੇ ਨਵੇਂ ਸਲਾਮੀ ਜੋੜੀਦਾਰ ਅਥਰਵ ਤਾਏ (0) ਸਸਤੇ ਵਿਚ ਆਊਟ ਹੋ ਗਏ। ਪੰਜਾਬ ਦੀ ਗੇਂਦਬਾਜ਼ੀ ਹਾਲਾਂਕਿ ਹੁਣ ਤੱਕ ਪ੍ਰਭਾਵਸ਼ਾਲੀ ਰਹੀ ਹੈ। ਅਰਸ਼ਦੀਪ ਸਿੰਘ ਅਤੇ ਕਰਨ ਨੇ ਫਰੰਟ ਤੋਂ ਅਗਵਾਈ ਕੀਤੀ ਹੈ, ਜਦਕਿ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਹੈ।
ਪੰਜ ਮੈਚਾਂ ਵਿੱਚ ਛੇ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੇ ਪੰਜਾਬ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਧਵਨ ਦੀ ਸਖ਼ਤ ਲੋੜ ਹੈ। ਦੂਜੇ ਪਾਸੇ ਆਰਸੀਬੀ ਦੀ ਕਿਸਮਤ ਸਾਥ ਨਹੀਂ ਦੇ ਰਹੀ। ਕਪਤਾਨ ਡੂ ਪਲੇਸਿਸ ਅਤੇ ਵਿਰਾਟ ਕੋਹਲੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਗਲੇਨ ਮੈਕਸਵੈੱਲ ਨੇ ਚੌਥੇ ਨੰਬਰ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਤੋਂ ਬਾਅਦ ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ ਅਤੇ ਸੁਯਸ਼ ਪ੍ਰਭੂਦੇਸਾਈ ਨੇ ਵੀ ਆਪਣੀ ਉਪਯੋਗਤਾ ਸਾਬਤ ਕੀਤੀ ਹੈ ਪਰ ਚੋਟੀ ਦੇ ਕ੍ਰਮ ਦੇ ਲਗਾਤਾਰ ਨਾ ਖੇਡ ਸਕਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ।
ਕੋਹਲੀ (6) ਅਤੇ ਮਹੀਪਾਲ ਲੋਮਰੋਰ (0) ਚੇਨਈ ਸੁਪਰ ਕਿੰਗਜ਼ ਖਿਲਾਫ ਸਸਤੇ ‘ਚ ਆਊਟ ਹੋ ਗਏ। ਜਿੱਤ ਲਈ 226 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਡੂ ਪਲੇਸਿਸ ਅਤੇ ਮੈਕਸਵੈੱਲ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਅੱਠ ਦੌੜਾਂ ਨਾਲ ਹਾਰ ਗਈ। ਹੁਣ ਟੀਮ ਪੰਜ ਮੈਚਾਂ ਵਿੱਚ ਚਾਰ ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ। ਉਸ ਨੂੰ ਹੁਣ ਆਪਣਾ ਮਨੋਬਲ ਵਧਾਉਣ ਲਈ ਕੁਝ ਚੰਗੀਆਂ ਜਿੱਤਾਂ ਦੀ ਲੋੜ ਹੈ।