Site icon TV Punjab | Punjabi News Channel

ਕਪੂਰਥਲਾ: ਨਸ਼ਾ ਛੁਡਵਾਉਣ ਲਈ ਪੁੱਤ ਭੇਜਿਆ ਸੀ ਨਿਹੰਗਾਂ ਦੇ ਡੇਰੇ, ਸ਼ੱਕੀ ਹਾਲਾਤ ਵਿਚ ਹੋਇਆ ਕਤਲ !

ਕਰਤਾਰਪੁਰ -ਪਿੰਡ ਖੀਰਾਂਵਾਲੀ ਦੇ ਇਕ ਨੌਜਵਾਨ ਨੂੰ ਨਸ਼ਾ ਛੁਡਾਉਣ ਲਈ ਕਪੂਰਥਲਾ ਦੇ ਪਿੰਡ ਪਤੜ ਕਲਾਂ ਦੇ ਇਕ ਡੇਰੇ ਵਿੱਚ ਛੱਡਿਆ ਗਿਆ ਸੀ ਜਿੱਥੇ ਉਸਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ ।

ਇਸ ਸਬੰਧੀ ਕਰਤਾਰਪੁਰ ਥਾਣੇ ਵਿਚ ਦਰਜ ਮਾਮਲੇ ਦੀ ਜਾਂਚ ਕਰਦੇ ਏ. ਐੱਸ. ਆਈ. ਬੋਧਰਾਜ ਨੇ ਦੱਸਿਆ ਕਿ ਬਲਬੀਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਖੀਰਾ ਵਾਲੀ ਪੱਤੀ ਖੀਰਾਂਵਾਲੀ ਥਾਣਾ ਫੱਤੂਢਿੰਗਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਛੋਟਾ ਬੇਟਾ ਬਲਜਿੰਦਰ ਸਿੰਘ ਬੱਲੂ (25) ਭੈੜੀ ਸੰਗਤ ਵਿਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਕੁਝ ਸਮਾਂ ਪਹਿਲਾ ਉਨ੍ਹਾਂ ਨੂੰ ਪਤਾ ਲਗਾ ਕਿ ਪਿੰਡ ਪਤੜ ਕਲਾਂ ਦੇ ਬਾਹਰ ਡੇਰੇ ‘ਤੇ ਇਕ ਨਸ਼ਾ ਛੁਡਾਊ ਕੇਂਦਰ ਨਿਹੰਗਾਂ ਨੇ ਬਣਾਇਆ ਹੈ, ਜੋ ਕਿ ਗੁਰਮਤਿ ਦੇ ਪ੍ਰਚਾਰ ਦੇ ਨਾਲ ਨੌਜਵਾਨਾਂ ਨੂੰ ਨਸ਼ਾ ਵੀ ਛਡਾਉਂਦੇ ਹਨ। 
ਉਸ ਵੱਲੋਂ ਪਿੰਡ ਵਿਚੋਂ ਪੈਸੇ ਇਕੱਠੇ ਕਰ ਕੇ ਕਰੀਬ 10 ਹਜ਼ਾਰ ਰੁ. ਇੱਕਠੇ ਕੀਤੇ ਅਤੇ ਸੁੱਖਾ ਨਿਹੰਗ, ਜੋ ਕਿ ਨਸ਼ਾ ਛੜਾਉ ਕੇਂਦਰ ਦਾ ਇੰਚਾਰਜ ਹੈ, ਨੂੰ ਬੀਤੀ 8 ਜੁਲਾਈ ਨੂੰ ਆਪਣੇ ਪਿੰਡ ਬੁਲਾਇਆ ਅਤੇ ਆਪਣੇ ਪੁੱਤਰ ਬਲਜਿੰਦਰ ਸਿੰਘ ਉਰਫ ਬੱਲੂ ਨੂੰ ਉਨ੍ਹਾਂ ਨੂੰ ਸੌਂਪਿਆ ਅਤੇ ਨਾਲ 10 ਹਜ਼ਾਰ ਰੁਪਏ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸੁੱਖਾ ਨਿੰਹਗ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਤਿੰਨ ਮਹੀਨੇ ’ਚ ਉਨ੍ਹਾਂ ਦੇ ਲੜਕੇ ਦਾ ਨਸ਼ਾ ਛੁਡਵਾ ਦੇਵੇਗਾ ਪਰ 10 ਹਜ਼ਾਰ ਰੁਪਏ ਮਹੀਨਾ ਦਾ ਖ਼ਰਚਾ ਆਵੇਗਾ, ਇਸ ਦੇ ਨਾਲ ਹੀ ਉਸ ਨੇ ਪਰਿਵਾਰ ਨੂੰ ਕਿਹਾ ਕਿ 20 ਦਿਨ ਘਟੋ-ਘੱਟ ਲੜਕੇ ਨੂੰ ਕੋਈ ਮਿਲਣ ਨਾ ਆਏ ਪਰ ਐਤਵਾਰ 10 ਦਿਨ ਬਾਅਦ ਹੀ ਉਨ੍ਹਾਂ ਪਰਿਵਾਰ ਨੂੰ ਸੁੱਖਾ ਨਿਹੰਗ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਦ ਉਹ ਪਿੰਡ ਪਤੜ ਕਲਾਂ ਆਪਣੇ ਪਰਿਵਾਰਕ ਮੈਂਬਰਾ ਨਾਲ ਨਸ਼ਾ ਛੁਡਾਊ ਕੇਂਦਰ ਪੁੱਜੇ ਤਾਂ ਪਤਾ ਲਗਾ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਪਿੰਡ ਦੇ ਡੈਡਬਾਡੀ ਹਾਊਸ ਵਿਚ ਰਖੀ ਹੈ। 

ਇਸ ਤੋਂ ਬਾਅਦ ਜਦੋਂ ਉਹ ਡੈਡਬਾਡੀ ਕੇਂਦਰ ਪੁੱਜੇ, ਜਿੱਥੇ ਕਥਿਤ ਤੌਰ ’ਤੇ ਮ੍ਰਿਤਕ ਬਲਜਿੰਦਰ ਸਿੰਘ ਬੱਲੂ ਦਾ ਸਰੀਰ ਦਾਤਰਾਂ ਨਾਲ ਵੱਢਿਆ ਪਿਆ ਸੀ ਅਤੇ ਉਸ ਦੇ ਸਾਰੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਸਿਰ ’ਤੇ ਵੀ ਸੱਟਾਂ ਸਨ। ਪਰਿਵਾਰ ਨੇ ਦੋਸ਼ ਲਾਇਆ ਕਿ ਸੁੱਖਾ ਨਿੰਹਗ ਅਤੇ ਉਸ ਦੇ ਸਾਥੀਆਂ ਨੇ ਸੱਟਾਂ ਮਾਰ ਕੇ ਉਸ ਨੂੰ ਮੌਕੇ ’ਤੇ ਹੀ ਮਾਰ ਦਿੱਤਾ, ਜਿਸ ਸਬੰਧੀ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 320, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ, ਮੁਲਜ਼ਮ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ।

Exit mobile version