Site icon TV Punjab | Punjabi News Channel

ਕੇਜਰੀਵਾਲ ਅਤੇ ਸੀ. ਐੱਮ ਮਾਨ ਅੱਜ ਅੰਮ੍ਰਿਤਸਰ ਚ ਕਰਣਗੇ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ

ਅੰਮ੍ਰਿਤਸਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ।

‘ਆਪ’ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਗਾਰੰਟੀ ਦਿੱਤੀ ਗਈ ਸੀ। ਗਾਰੰਟੀ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ 2022 ਨੂੰ ਪੰਜਾਬ ਵਿਚ 100 ਮੁਹੱਲਾ ਕਲੀਨਿਕ ਖੋਲ੍ਹੇ ਸਨ। ਹੁਣ ਸੀਐੱਮ ਮਾਨ ਤੇ ਸੁਪਰੀਮੋ ਕੇਜਰੀਵਾਲ 400 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਨ ਜਿਨ੍ਹਾਂ ਵਿਚ 30 ਅੰਮ੍ਰਿਤਸਰ ਵਿਚ ਖੁੱਲ੍ਹਣ ਵਾਲੇ ਹਨ।

ਪੰਜਾਬ ਵਿਚ ਹੁਣ ਖੋਲ੍ਹੀ ਜਾ ਰਹੀ ਹਰ ਮੁਹੱਲਾ ਕਲੀਨਿਕ ‘ਤੇ ਤਕਰੀਬਨ 25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪੁਰਾਣੀ ਡਿਸਪੈਂਸਰੀ, ਖਾਲੀ ਇਮਾਰਤਾਂ ਜਾਂ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕ ‘ਤੇ ਸ਼ਿਫਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਮੁਰੰਮਤ ਪੇਂਟ, ਫਾਲ ਸੀਲਿੰਗ, ਫਰਨੀਚਰ ਆਦਿ ‘ਤੇ ਇਹ ਪੈਸਾ ਖਰਚ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 15 ਅਗਸਤ 2022 ਨੂੰ ਖੁੱਲ੍ਹੇ ਆਮ ਆਦਮੀ ਕਲੀਨਿਕ ਨਾਲ ਸਬੰਧਤ ਸਰਕਾਰੀ ਅੰਕੜਿਆਂ ਮੁਤਾਬਕ 100 ਆਮ ਆਦਮੀ ਕਲੀਨਿਕਾਂ ਵਿਚ ਰੋਜ਼ਾਨਾ 7000 ਤੋਂ ਵਧ ਰੋਗੀ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਪੰਜਾਬ ਵਿਚ ਖੋਲ੍ਹੇ ਜਾ ਚੁੱਕੇ ਮੁਹੱਲਾ ਕਲੀਨਿਕ ਕਾਫੀ ਹਾਈਟੈੱਕ ਹਨ। ਇਥੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਡਾਕਟਰ ਤੋਂ ਦਵਾਈ ਦੀ ਲਿਸਟ ਤੇ ਫਾਰਮਾਸਿਸਟ ਤੋਂ ਦਵਾਈ ਮਿਲਣ ਤੱਕ ਸਾਰਾ ਕੰਮ ਟੈਬ ‘ਤੇ ਹੀ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਇਹ ਕਲੀਨਿਕ 100 ਪ੍ਰਕਾਰ ਦੀਆਂ ਦਵਾਈਆਂ ਤੇ 41 ਬੁਨਿਆਦੀ ਲੈਬ ਟੈਸਟ ਸਹੂਲਤਾਂ ਪ੍ਰਦਾਨ ਕਰ ਰਹੇ ਹਨ।

Exit mobile version