Site icon TV Punjab | Punjabi News Channel

ਕਿਰਨ ਬੇਦੀ ਹੋਣਗੇ ਪੰਜਾਬ ਦੀ ਨਵੀਂ ਰਾਜਪਾਲ ਜਾਂ ਬੰਡਾਰੂ ਦੱਤਾਤ੍ਰੇ ! ਚਰਚਾਵਾਂ ਤੇਜ਼

ਡੈਸਕ- ਭਾਜਪਾ ਦੇ ਬੁਲਾਰੇ ਡਾ.ਕਮਲ ਸੋਈ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਪੰਜਾਬ ਦੀ ਅਗਲੀ ਰਾਜਪਾਲ ਹੋਵੇਗੀ। ਡਾ: ਸੋਈ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ। ਡਾ: ਕਮਲ ਸੋਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੰਜਾਬ ਆਉਣ ‘ਤੇ ਪੰਜਾਬ ਦੇ ਹਾਲਾਤ ਬਦਲ ਜਾਣਗੇ। ਅੰਮ੍ਰਿਤਸਰ ਵਿੱਚ ਵੱਡੀ ਹੋਈ ਕਿਰਨ ਬੇਦੀ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੀ ਹੈ।

ਡਾ.ਕਮਲ ਸੋਈ ਦੇ ਬਿਆਨ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ X ਤੇ ਆਪਣੀ ਪੋਸਟ ਡਿਲੀਟ ਕਰ ਦਿੱਤੀ। ਲੁਧਿਆਣਾ ਦੇ ਰਹਿਣ ਵਾਲੇ ਡਾ ਕਮਲ ਸੋਈ ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਹਨ। ਉਹ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਧੀਨ ਰਾਸ਼ਟਰੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਵੀ ਹਨ।

ਦੱਸ ਦੇਈਏ ਕਿ ਕਿਰਨ ਬੇਦੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੀ ਹੋਈ ਸੀ। ਜਦੋਂ ਅਰਵਿੰਦ ਕੇਜਰੀਵਾਲ ਨੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਬਣਾਈ ਤਾਂ ਕਿਰਨ ਉਨ੍ਹਾਂ ਦੇ ਨਾਲ ਨਹੀਂ ਗਈ। ਕਿਰਨ ਬੇਦੀ ਦਾ ਨਾਂ ਅਜਿਹੇ ਸਮੇਂ ‘ਚ ਚਰਚਾ ‘ਚ ਆਇਆ ਹੈ, ਜਦੋਂ ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ਅਤੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਕਾਫੀ ਵਿਵਾਦ ਚੱਲਿਆ। ਕਿਰਨ ਬੇਦੀ ਇਸ ਤੋਂ ਪਹਿਲਾਂ ਪੁਡੂਚੇਰੀ ਦੀ ਰਾਜਪਾਲ ਰਹਿ ਚੁੱਕੀ ਹੈ।

ਹਾਲਾਂਕਿ ਅਜੇ ਤੱਕ ਕਿਰਨ ਬੇਦੀ ਨੂੰ ਪੰਜਾਬ ਦੀ ਰਾਜਪਾਲ ਬਣਾਉਣ ਬਾਰੇ ਕੋਈ ਰਸਮੀ ਹੁਕਮ ਸਾਹਮਣੇ ਨਹੀਂ ਆਇਆ ਹੈ। ਪੰਜਾਬ ਰਾਜ ਭਵਨ ਦੇ ਸੂਤਰਾਂ ਅਨੁਸਾਰ ਫਿਲਹਾਲ ਉਨ੍ਹਾਂ ਕੋਲ ਨਵੇਂ ਰਾਜਪਾਲ ਦੇ ਨਾਮ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਰਸਮੀ ਤੌਰ ‘ਤੇ ਕਿਰਨ ਬੇਦੀ ਨੂੰ ਰਾਜਪਾਲ ਨਿਯੁਕਤ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਮੇਰੀ ਨਿੱਜੀ ਰਾਏ ਪੁੱਛੀ ਜਾਵੇ ਤਾਂ ਮੈਂ ਕਹਾਂਗਾ ਕਿ ਪੰਜਾਬ ਦੇ ਰਾਜਪਾਲ ਲਈ ਕਿਰਨ ਬੇਦੀ ਹੀ ਸਹੀ ਚੋਣ ਹੈ।

ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਨਵੀਂ ਵਿਵਸਥਾ ਤੱਕ ਪੰਜਾਬ ਦੇ ਕਾਰਜਕਾਰੀ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਚਾਰਜ ਮਿਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਪਤਾਨ ਸਿੰਘ ਸੋਲੰਕੀ ਤੋਂ ਬਾਅਦ ਦੱਤਾਤ੍ਰੇਯ ਪੰਜਾਬ ਦੇ ਦੂਜੇ ਕਾਰਜਕਾਰੀ ਰਾਜਪਾਲ ਹੋਣਗੇ। ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਵੀ ਦੇਖਣਗੇ। ਸੰਭਾਵਨਾ ਹੈ ਕਿ ਸੋਮਵਾਰ ਭਾਵ ਭਲਕੇ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣਗੇ।

Exit mobile version