Site icon TV Punjab | Punjabi News Channel

ਲਾਰੈਂਸ ਬਿਸ਼ਨੋਈ ਇੰਟਰਵਿਊ : ਪਹਿਲਾਂ ਪੰਜਾਬ ਚ, ਦੂਜਾ ਰਾਜਸਥਾਨ ਚ ਹੋਇਆ ਸੀ ਇੰਟਰਵਿਊ

ਡੈਸਕ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਵਿੱਚ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਦਾ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿੱਚ ਪੁਲਿਸ ਹਿਰਾਸਤ ਵਿੱਚ ਹੋਇਆ ਸੀ। ਜਦੋਂਕਿ ਬਿਸ਼ਨੋਈ ਦਾ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚੋਂ ਕੀਤਾ ਗਿਆ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। SIT ਨੇ ਇਹ ਸੀਲਬੰਦ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ। ਜਿਸ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ। ਹਾਲਾਂਕਿ ਅਜੇ ਰਿਪੋਰਟ ਦੀ ਡਿਟੇਲ ਆਉਣੀ ਬਾਕੀ ਹੈ।

ਲਾਰੈਂਸ ਬਿਸ਼ਨੋਈ ਦੇ ਇਸ ਇੰਟਰਵਿਊ ਦੇ ਮੀਡੀਆ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਹਲਚਲ ਮਚ ਗਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਦੇ DGP ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ। DGP ਨੇ ਲਾਰੈਂਸ ਦੀਆਂ ਦੋ ਤਸਵੀਰਾਂ ਦਿਖਾਈਆਂ ਸਨ ਅਤੇ ਕਿਹਾ ਸੀ ਕਿ ਜਦੋਂ ਲਾਰੈਂਸ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਸ ਦੀ ਕੋਈ ਦਾੜ੍ਹੀ ਜਾਂ ਮੁੱਛ ਨਹੀਂ ਸੀ। ਜਦੋਂਕਿ ਇੰਟਰਵਿਊ ਵਿੱਚ ਉਸਦਾ ਚਿਹਰਾ ਕੁੱਝ ਵੱਖਰੇ ਤਰੀਕੇ ਨਾਲ ਦਿਖਾਈ ਦੇ ਰਿਹਾ ਸੀ।

ਲਾਰੈਂਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਇੰਟਰਵਿਊ ਦੌਰਾਨ ਲਾਰੈਂਸ ਬਿਸ਼ਨੋਈ ਨੇ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਇੰਟਰਵਿਊ ਵਿੱਚ ਲਾਰੈਂਸ ਜ਼ੁਰਮ ਕਬੂਲ ਕਰਦਿਆਂ ਕਿਹਾ ਸੀ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਫਸ ਰਿਹਾ ਸੀ। ਇਸ ਤੋਂ ਇਲਾਵਾ ਮੂਸੇਵਾਲਾ ਦਾ ਆਪਣੇ ਕਾਲਜ ਦੋਸਤ, ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਹੱਥ ਸੀ। ਇਸੇ ਲਈ ਉਸ ਦਾ ਕਤਲ ਕਰਵਾ ਦਿੱਤਾ। SIT ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਹੈ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤੀ ਸੀ।

ਇਸ ਤੋਂ ਬਾਅਦ ਬਿਸ਼ਨੋਈ ਦਾ ਦੂਜਾ ਇੰਟਰਵਿਊ 17 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ। ਇਸ ਇੰਟਰਵਿਊ ਵਿੱਚ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੋਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਦਾ ਮੋਬਾਈਲ ਫੋਨ ਵੀ ਉਸ ਕੋਲ ਹੈ ਅਤੇ ਸਿਗਨਲ ਵੀ ਪੂਰੇ ਆਉਂਦੇ ਹਨ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਫੋਨ ਰਾਹੀਂ ਗੱਲਬਾਤ ਕਰ ਰਹੇ ਹਨ।

Exit mobile version