Site icon TV Punjab | Punjabi News Channel

ਲੁਧਿਆਣਾ ‘ਚ ਬੁੱਢਾ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ, ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ

ਡੈਸਕ- ਲੁਧਿਆਣਾ ਵਿੱਚ ਬੁੱਢੇ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵੱਲ ਮਾਰਚ ਕਰ ਰਹੇ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ, ਜਿਸ ਵਿਚ ਸੀਆਈਏ 3 ਦੇ ਇੰਚਾਰਜ ਨਵਦੀਪ ਦੇ ਸਿਰ ‘ਤੇ ਸੱਟ ਲੱਗ ਗਈ। ਪੁਲਿਸ ਹੁਣ ਤੱਕ 150 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ।

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮਾਹੌਲ ਸ਼ਾਂਤ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੋਰ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ। ਜਿੱਥੇ ਵੀ ਪ੍ਰਦਰਸ਼ਨਕਾਰੀ ਮੌਜੂਦ ਹਨ, ਉੱਥੇ ਪੁਲਿਸ ਪ੍ਰਸ਼ਾਸਨ ਨੇ ਜੈਮਰ ਲਗਾ ਦਿੱਤੇ ਹਨ ਤਾਂ ਜੋ ਮੋਬਾਈਲ ਨੈੱਟਵਰਕ ਕੰਮ ਨਾ ਕਰੇ। ਇਸ ਤੋਂ ਪਹਿਲਾਂ ਪੁਲਿਸ ਨੇ ਲੁਧਿਆਣਾ ਦੇ ਟੀਟੂ ਬਾਣੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਬੰਦ ਕਰਵਾਉਣ ਲਈ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸਨਅਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕਹੀ ਸੀ। ਅੱਜ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਕਈ ਸਾਥੀ ਬੁੱਢਾ ਨਾਲਾ ਬੰਦ ਕਰਵਾਉਣ ਲਈ ਪਹੁੰਚ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਜਗਰਾਉਂ ਵਾਸੀ ਸੁੱਖ ਜਗਰਾਉਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਕਾਲਾ ਪਾਣੀ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ
ਲੁਧਿਆਣਾ ਦੇ ਬੁੱਢੇ ਨਾਲੇ ਅਤੇ ਕਾਲੇ ਪਾਣੀ ਦੀ ਸਫਾਈ ਦੇ ਖਿਲਾਫ ਕਾਲਾ ਪਾਣੀ ਮੋਰਚਾ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਬੈਨਰ ਹੇਠ ਮੰਗਲਵਾਰ ਨੂੰ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਪੰਜਾਬ ਦੇ ਲੁਧਿਆਣਾ ਵਿਖੇ ਪਹੁੰਚ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਬੁੱਢਾ ਨਾਲੇ ‘ਚ ਫੈਲੀ ਗੰਦਗੀ ਅਤੇ ਕਾਲੇ ਕੈਮੀਕਲ ਵਾਲਾ ਪਾਣੀ ਸਤਲੁਜ ‘ਚ ਮਿਲ ਜਾਂਦਾ ਹੈ ਅਤੇ ਬਾਅਦ ‘ਚ ਇਹ ਪਾਣੀ ਰਾਜਸਥਾਨ ਪਹੁੰਚ ਜਾਂਦਾ ਹੈ, ਜਿਸ ਨੂੰ ਪੀਣ ਨਾਲ ਰਾਜਸਥਾਨ ਦੇ ਸੈਂਕੜੇ ਲੋਕ ਬੀਮਾਰ ਹੋ ਚੁੱਕੇ ਹਨ।

Exit mobile version