ਜਲੰਧਰ : ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਭਾਜਪਾ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਚੰਡੀਗੜ੍ਹ ਪੁੱਜਣ ‘ਤੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ, ਜਿਸ ਵਿਚ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਬੰਦਿਆਂ ਨੇ ਇਕ ਕਿਸਾਨ ਮਹਿਲਾ ਨਾਲ ਬਦਸਲੂਕੀ ਕੀਤੀ, ਉਸ ਦੇ ਕੇਸਾਂ ਨੂੰ ਪੁੱਟਿਆ ਗਿਆ ਅਤੇ ਕਿਸਾਨੀ ਝੰਡਾ ਵੀ ਖੋਹਿਆ ਗਿਆ।
ਉਨ੍ਹਾਂ ਕਿਹਾ ਕਿ ਤਸਵੀਰਾਂ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਦੇ ਯੁਵਾ ਮੋਰਚਾ ਦੇ ਮੈਂਬਰਾਂ ਵੱਲੋਂ ਕਿਸਾਨ ਮਹਿਲਾ ਦੇ ਕੇਸਾਂ ਨੂੰ ਹੱਥ ਪਾਇਆ ਗਿਆ ਅਤੇ ਉਸ ਨੂੰ ਅਪਸ਼ਬਦ ਬੋਲੇ ਗਏ। ਬੀਜੇਪੀ ਸਰਕਾਰ ਹਮੇਸ਼ਾ ਦੀ ਤਰਾਂ ਆਰ ਐਸ ਐਸ ਦੇ ਨਕਸ਼ੇ ਕਦਮਾਂ ‘ਤੇ ਚਲਦੀ ਹੈ ਅਤੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਪਹਿਲਾਂ ਵੀ ਇਸ ਤਰਾਂ ਦੇ ਬਿਆਨ ਆਉਂਦੇ ਹਨ ਕਿ ਔਰਤਾਂ ਨੂੰ ਘਰ ਬੈਠਕੇ ਚੌਕਾ-ਚੁੱਲ੍ਹਾ ਸਾਂਭਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਬੀਜੇਪੀ ਦੀ ਮੋਦੀ ਸਰਕਾਰ ਵੀ ਤਾਲਿਬਾਨ ਦੀ ਤਰਾਂ ਔਰਤ ਵਿਰੋਧ ਹੈ ਅਤੇ ਉਸਦੇ ਮੰਤਰੀਆਂ ਦਾ ਚਿਹਰਾ ਜਗਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਦੇਸ਼ ਦੇ ਕਿਸਾਨਾਂ ਅਤੇ ਮਹਿਲਾਵਾਂ ਦੀ ਵਿਰੋਧੀ ਹੈ।
ਰਾਜਵਿੰਦਰ ਕੌਰ ਨੇ ਕਿਹਾ ਕਿ ਇਕ ਹਫਤੇ ਵਿਚ ਬੀਜੇਪੀ ਪ੍ਰਧਾਨ ਜੇ ਪੀ ਨੱਢਾ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਮਹਿਲਾ ਕਿਸਾਨ ਤੋਂ ਮੁਆਫੀ ਮੰਗਣ ਅਤੇ ਆਪਣੇ ਵਰਕਰਾਂ ‘ਤੇ ਕਾਰਵਾਈ ਕਰਨ ਅਤੇ ਜੇਕਰ ਉਨ੍ਹਾਂ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਬੀਜੇਪੀ ਦੇ ਚੰਡੀਗੜ੍ਹ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਵਡਾਲਾ, ਕੌਸ਼ਲ ਸ਼ਰਮਾ ਸਕੱਤਰ, ਗੁਰਪ੍ਰੀਤ ਕੌਰ ਜੋਇੰਟ ਸਕੱਤਰ,ਮਨਦੀਪ ਕੌਰ, ਜਯੋਤੀ, ਕਿਰਨ, ਸੁਮਨ, ਹਰਜੀਤ ਕੌਰ, ਹਰਪ੍ਰੀਤ ਕੌਰ ਆਦਿ ਮੌਜੂਦ ਸਨ।
ਟੀਵੀ ਪੰਜਾਬ ਬਿਊਰੋ