ਲੱਖਾਂ ਪੌਂਡ `ਚ ਹੋਵੇਗੀ ਮਹਾਰਾਜਾ ਰਣਜੀਤ ਸਿੰਘ ਦੇ ਤਰਕਸ਼ ਦੀ ਨਿਲਾਮੀ

ਲੱਖਾਂ ਪੌਂਡ `ਚ ਹੋਵੇਗੀ ਮਹਾਰਾਜਾ ਰਣਜੀਤ ਸਿੰਘ ਦੇ ਤਰਕਸ਼ ਦੀ ਨਿਲਾਮੀ

SHARE

ਲੰਡਨ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਏ ਗਏ ਸੋਨੇ ਦੀ ਕਢਾਈ ਅਤੇ ਮਖਮਲੀ ਚਮੜੇ ਵਾਲੇ ਤਰਕਸ਼ ਦੀ ਨਿਲਾਮੀ ਲੰਡਨ ’ਚ ਇਸ ਮਹੀਨੇ ਦੇ ਅਖੀਰ ’ਚ ਹੋਵੇਗੀ। ਮੰਨਿਆ ਜਾਂਦਾ ਹੈ ਕਿ ਇਹ ਖਾਸ ਤਰਕਸ਼ ਜੰਗ ’ਚ ਵਰਤਣ ਦੀ ਬਜਾਏ ਸ਼ਾਨੋ- ਸ਼ੌਕਤ ਵਾਸਤੇ ਉਚੇਚੇ ਸਮਾਗਮਾਂ ਲਈ ਬਣਾਇਆ ਗਿਆ ਸੀ। ਨਿਲਾਮੀ ਦੌਰਾਨ ਇਸ ਬੇਸ਼ਕੀਮਤੀ ਤਰਕਸ਼ ਦੀ ਬੋਲੀ 80 ਹਜ਼ਾਰ ਪੌਂਡ ਤੋਂ ਲੈ ਕੇ ਇਕ ਲੱਖ 20 ਹਜ਼ਾਰ ਪੌਂਡ ਦਰਮਿਆਨ ਲੱਗਣ ਦਾ ਅੰਦਾਜ਼ਾ ਹੈ।

ਨਿਲਾਮ ਹੋਣ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਤਰਕਸ਼ ਦੀ ਤਸਵੀਰ

ਬੋਨਹਾਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵੱਲੋਂ 23 ਅਕਤੂਬਰ ਨੂੰ ਇਸ ਤਰਕਸ਼ ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੌਰਾਨ ਮਹਾਰਾਣੀ ਜਿੰਦਾਂ ਵੱਲੋਂ ਪਹਿਨੇ ਗਏ ਸੁੱਚੇ ਮੋਤੀਆਂ ਦੇ ਹਾਰ ਦੀ ਬੋਲੀ ਵੀ ਲੱਗੇਗੀ। ਭਾਰਤੀ ਅਤੇ ਇਸਲਾਮਿਕ ਕਲਾ ਦੇ ਬੋਨਹਾਮਸ ਮੁਖੀ ਓਲੀਵਰ ਵ੍ਹਾਈਟ ਨੇ ਕਿਹਾ ਕਿ ਤਰਕਸ਼ ਲਾਹੌਰ ਦੇ ਪੁਰਾਤਨ ਖ਼ਜ਼ਾਨੇ ਦਾ ਅਦਭੁੱਤ ਹਿੱਸਾ ਹੈ ਅਤੇ ਜਾਣਕਾਰੀ ਮੁਤਾਬਕ ਇਹ 1838 ’ਚ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਤਰਕਸ਼ ਖਾਸ ਸਮਾਗਮਾਂ ਦੌਰਾਨ ਹੀ ਪਹਿਨਿਆ ਜਾਂਦਾ ਹੋਵੇਗਾ ਜਿਸ ਕਾਰਨ ਇਸ ਦੀ ਹਾਲਤ ਬਹੁਤ ਵਧੀਆ ਹੈ। ਬੋਨਹਾਮਸ ਇਤਿਹਾਸਕਾਰਾਂ ਮੁਤਾਬਕ ਤੀਰਅੰਦਾਜ਼ੀ ਨੇ ਸਿੱਖ ਇਤਿਹਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤੀਰ ਕਮਾਨਾਂ ਮਗਰੋਂ ਭਾਵੇਂ ਵੱਧ ਆਧੁਨਿਕ ਹਥਿਆਰ ਆ ਗਏ ਸਨ ਪਰ ਰਸਮੀ ਤੌਰ ’ਤੇ ਤੀਰ ਕਮਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ। ਨਿਲਾਮ ਘਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਡੇ ਪੁੱਤਰ ਅਤੇ ਜਾਨਸ਼ੀਨ ਖੜਕ ਸਿੰਘ ਦੇ ਵਿਆਹ ਮੌਕੇ 1838 ’ਚ ਇਸ ਤਰਕਸ਼ ਨੂੰ ਪਹਿਨਿਆ ਸੀ। ਉਸੇ ਸਾਲ ਫਰਾਂਸੀਸੀ ਕਲਾਕਾਰ ਅਲਫਰੇਡ ਡੀ ਡਰੀਓਕਸ ਨੇ ਇਸ ਦੀ ਪੇਂਟਿੰਗ ਬਣਾਈ ਜੋ ਹੁਣ ਪੈਰਿਸ ਦੇ ਅਜਾਇਬਘਰ ਦਾ ਸ਼ਿੰਗਾਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ’ਚ ਹੋ ਗਿਆ ਸੀ ਜਿਸ ਮਗਰੋਂ ਈਸਟ ਇੰਡੀਆ ਕੰਪਨੀ ਨੇ ਸੂਬੇ ’ਤੇ ਕਬਜ਼ਾ ਕਰ ਲਿਆ ਸੀ। ਇਤਿਹਾਸਕ ਹਵਾਲਿਆਂ ਮੁਤਾਬਕ ਤਰਕਸ਼ ਨੂੰ ਭਾਰਤ ਦੇ ਗਵਰਨਰ ਜਨਰਲ ਨੂੰ 1847-54 ਦੌਰਾਨ ਸੌਂਪਿਆ ਗਿਆ ਸੀ।

Short URL:tvp http://bit.ly/2PsQTGD

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab