ਮਾਨਸਾ- ਪੰਜਾਬ ਦੇ ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਹਨ । ਮਾਨ ਸਰਕਾਰ ਚਾਹੇ ਜਿੰਨੇ ਵੀ ਦਾਅਵੇ ਕਰ ਲਵੇ, ਪਰ ਮੀਡੀਆ ਦੀ ਸੁਰਖੀਆਂ ਚ ਰੋਜ਼ ਕੋਈ ਨਾ ਕੋਈ ਦਿਨ ਦਹਿਲਾਉਣ ਵਾਲੀ ਵਾਰਦਾਤ ਹੁੰਦੀ ਹੀ ਹੈ । ਮਾਨਸਾ ਵਿਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ ਹੈ। ਗੋਲੀ ਲੱਗਣ ਨਾਲ 6 ਸਾਲਾ ਬੱਚੇ ਦੀ ਮੌਤ ਹੋ ਗਈ।ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਪਿਤਾ ਤੇ ਭੈਣ ਦਾ ਹੱਥ ਫੜ੍ਹ ਕੇ ਚੱਲ ਰਹੇ 6 ਸਾਲ ਦੇ ਬੱਚੇ ਨੂੰ ਦੋ ਬੁਲੇਟ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ। ਇਹ ਗੋਲੀਆਂ ਪਿਤਾ ਲਈ ਸੀ ਪਰ ਨਿਸ਼ਾਨਾ 6 ਸਾਲ ਦਾ ਛੋਟਾ ਬੱਚਾ ਬਣ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚੇ ਦੀ ਮੌਤ ਹੋ ਚੁੱਕੀ ਸੀ।
ਘਟਨਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੀ ਹੈ। ਪਿਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 6 ਸਾਲ ਦੇ ਬੇਟੇ ਉਦੇਵੀਰ ਤੇ ਬੇਟੀ ਨਾਲ ਪਿੰਡ ਦੀ ਸੜਕ ‘ਤੇ ਜਾ ਰਹੇ ਸਨ। ਉਦੋਂ ਹੀ ਬੁਲੇਟ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ। ਬਾਈਕ ‘ਤੇ ਸਵਾਰ ਇਕ ਨੌਜਵਾਨ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਤਾਂ ਬਚ ਗਏ ਪਰ ਗੋਲੀਆਂ ਉਨ੍ਹਾਂ ਦੇ 6 ਸਾਲ ਦੇ ਪੁੱਤਰ ਨੂੰ ਲੱਗੀ। ਘਟਨਾ ਵਾਲੀ ਥਾਂ ‘ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਪਿਤਾ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਵਾਰਦਾਤ ਦੇ ਬਾਅਦ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕੁਝ ‘ਤੇ ਸ਼ੱਕ ਹੈ ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਨਸਾ ਤੇ ਆਸਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ।