Ottawa- ਮਾਰਕ ਕਾਰਨੀ ਨੂੰ ਐਤਵਾਰ ਨੂੰ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਹੈ। 59 ਸਾਲਾ ਕਾਰਨੀ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਲਿਬਰਲ ਪਾਰਟੀ ਦੀ ਆਗੂ ਚੋਣ ਲਈ ਹੋਈ ਵੋਟਿੰਗ ਵਿੱਚ, ਕਾਰਨੀ ਨੇ 85.9 ਫ਼ੀਸਦੀ ਵੋਟਾਂ ਨਾਲ ਭਾਰੀ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਵਿੱਚ ਪਾਰਟੀ ਦੀ ਸਾਬਕਾ ਉੱਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਸੀ, ਜਿਨ੍ਹਾਂ ਨੂੰ ਸਿਰਫ਼ 8 ਫ਼ੀਸਦੀ ਵੋਟਾਂ ਮਿਲੀਆਂ।
ਅਮਰੀਕਾ ਨਾਲ ਵਪਾਰਕ ਤਣਾਅ ‘ਚ ਸੰਭਾਲਣਗੇ ਅਹੁਦਾ
ਕਾਰਨੀ ਇੱਕ ਅਜਿਹੇ ਸਮੇਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ ਦੇਸ਼ ਅਮਰੀਕਾ ਦੀ ਵਪਾਰ ਨੀਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਜਿੱਤ ਤੋਂ ਬਾਅਦ, ਉਨ੍ਹਾਂ ਨੇ ਅਮਰੀਕਾ ਦੀ ਵਪਾਰਕ ਨੀਤੀ ‘ਤੇ ਤਿੱਖਾ ਰੁਖ ਅਪਣਾਉਂਦੇ ਹੋਏ ਕੈਨੇਡਾ ਦੀ ਸੰਪ੍ਰਭੂਤਾ ਦੀ ਰੱਖਿਆ ਕਰਨ ਦੀ ਗੱਲ ਆਖੀ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, “ਸਾਡੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੰਪ ਸਾਡੇ ਉਤਪਾਦਾਂ ‘ਤੇ ਨਾਜ਼ਾਇਜ਼ ਟੈਰਿਫ਼ ਲਗਾ ਰਹੇ ਹਨ ਅਤੇ ਸਾਡੇ ਵਪਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਪਰ ਅਸੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਲੜਾਈ ਦੀ ਮੰਗ ਨਹੀਂ ਕੀਤੀ, ਪਰ ਹੁਣ ਕੈਨੇਡਾ ਤਿਆਰ ਹੈ। ਜਿਵੇਂ ਅਸੀਂ ਹਾਕੀ ‘ਚ ਅੱਗੇ ਹਾਂ, ਓਹੋ ਜਿੱਤ ਅਸੀਂ ਵਪਾਰ ‘ਚ ਵੀ ਲੈ ਕੇ ਆਵਾਂਗੇ!”
ਬੈਂਕਰ ਮਾਰਕ ਕਾਰਨੀ – ਇੱਕ ਮਜਬੂਤ ਆਰਥਿਕ ਅਗੂ
ਮਾਰਕ ਕਾਰਨੀ ਵਾਲ ਸਟ੍ਰੀਟ ਦੇ ਤਜਰਬੇਕਾਰ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਬੈਂਕ ਆਫ਼ ਇੰਗਲੈਂਡ ਦੀ 1694 ‘ਚ ਹੋਈ ਸਥਾਪਨਾ ਤੋਂ ਬਾਅਦ ਗਵਰਨਰ ਬਣਨ ਵਾਲੇ ਪਹਿਲੇ ਗੈਰ-ਬ੍ਰਿਟਿਸ਼ ਨਾਗਰਿਕ ਹੋਣ ਦਾ ਇਤਿਹਾਸ ਰਚਿਆ। 2008 ਦੇ ਆਰਥਿਕ ਸੰਕਟ ਦੌਰਾਨ, ਉਨ੍ਹਾਂ ਦੀ ਅਗਵਾਈ ‘ਚ ਕੈਨੇਡਾ ਹੋਰ ਦੇਸ਼ਾਂ ਦੀ ਤੁਲਨਾ ‘ਚ ਤੇਜ਼ੀ ਨਾਲ ਸੰਭਲਿਆ, ਜਿਸ ਕਰਕੇ ਉਨ੍ਹਾਂ ਦੀ ਆਲਮੀ ਪੱਧਰ ‘ਤੇ ਪ੍ਰਸ਼ੰਸਾ ਹੋਈ।