Site icon TV Punjab | Punjabi News Channel

ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਵਿਆਹ ‘ਚ ਪਾ ਰਿਹਾ ਭੰਗੜਾ, ਵੀਡੀਓ ਹੋਇਆ ਵਾਇਰਲ

ਡੈਸਕ- ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਹਨ। ਲੱਕੀ ਸੰਧੂ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ ਬੰਦ ਹੈ। ਲੱਕੀ ਸੰਧੂ ਜੇਲ੍ਹ ਤੋਂ ਬਿਮਾਰੀ ਦਾ ਚੈੱਕਅਪ ਕਰਵਾਉਣ ਲਈ ਇੱਥੇ ਪੀਜੀਆਈ ਆਇਆ ਸੀ ਪਰ ਬਾਅਦ ਚ ਉਹ ਵਿਆਹ ਤੇ ਚੱਲ਼ ਗਿਆ ਜਿਥੇ ਉਸ ਦੀ ਇਹ ਵੀਡੀਓ ਬਣ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾ ਭੱਖ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਦੀ ਮਿਲੀਭੁਗਤ ਨਾਲ ਲੱਕੀ ਸੰਧੂ ਲੁਧਿਆਣਾ ਦੇ ਰਾਏਕੋਟ ਇਲਾਕੇ ਵਿਚ ਇਕ ਵਿਆਹ ਵਿਚ ਪਹੁੰਚਿਆ। ਉਥੇ ਉਹ ਵੀਡੀਉ ‘ਚ ਅਪਣੇ ਭਰਾ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ। ਇਸ ਦੀ ਵੀਡੀਉ ਵੀ ਕਾਫੀ ਵਾਇਰਲ ਹੋ ਰਹੀ ਹੈ। ਲੱਕੀ ਸੰਧੂ ਵਿਰੁਧ ਕੇਸ ਦਰਜ ਕਰਵਾਉਣ ਵਾਲੇ ਗੁਰਵੀਰ ਸਿੰਘ ਗਰਚਾ ਨੇ ਵੀਡੀਉ ਸਮੇਤ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਜੇਲ ਪ੍ਰਸ਼ਾਸਨ ਨੂੰ ਭੇਜ ਦਿਤੀ ਹੈ।

ਗੁਰਵੀਰ ਸਿੰਘ ਨੇ ਦਸਿਆ ਕਿ ਲੱਕੀ ਸੰਧੂ ਵਿਰੁਧ ਉਸ ਦੇ ਬਿਆਨਾਂ ‘ਤੇ ਦੋ ਕੇਸ ਦਰਜ ਕੀਤੇ ਗਏ ਹਨ। ਉਸ ‘ਤੇ ਮੋਹਾਲੀ ‘ਚ ਹਨੀਟ੍ਰੈਪ ਦਾ ਮਾਮਲਾ ਅਤੇ ਲੁਧਿਆਣਾ ਦੇ ਮਾਡਲ ਟਾਊਨ ਥਾਣੇ ‘ਚ ਧਮਕੀਆਂ ਦੇਣ ਦਾ ਇਕ ਮਾਮਲਾ ਦਰਜ ਹੈ। ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦਸਿਆ ਕਿ ਲੱਕੀ ਸੰਧੂ ਦੀ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਸੀ। ਡਾਕਟਰਾਂ ਦੀ ਸਲਾਹ ‘ਤੇ ਉਸ ਨੂੰ ਪੀਜੀਆਈ ਭੇਜਿਆ ਗਿਆ ਸੀ। ਪੀਜੀਆਈ ਤੋਂ ਆਉਣ ਮਗਰੋਂ ਉਹ ਵਿਆਹ ’ਤੇ ਚਲਾ ਗਿਆ। ਇਸ ਮਾਮਲੇ ਵਿਚ ਉਨ੍ਹਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੂੰ ਪੱਤਰ ਲਿਖਿਆ ਹੈ। ਉਸ ਨੂੰ ਵਿਆਹ ਵਿਚ ਲਿਜਾਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਪੁਲਿਸ ਕਮਿਸ਼ਨਰ ਦੇ ਪੱਧਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ‘ਬਲੈਕਮੇਲਰ ਹਸੀਨਾ’ ਜਸਨੀਤ ਕੌਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਸਾਹਨੇਵਾਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਲੱਕੀ ਸੰਧੂ ਵਿਰੁਧ ਵੀ ਮਾਮਲਾ ਦਰਜ ਕੀਤਾ ਸੀ। ਲੱਕੀ ਸੰਧੂ ‘ਤੇ ਜਸਨੀਤ ਕੌਰ ਨੂੰ ਮੋਹਰੇ ਵਜੋਂ ਵਰਤਣ ਅਤੇ ਗੈਂਗਸਟਰਾਂ ਰਾਹੀਂ ਲੋਕਾਂ ਨੂੰ ਧਮਕਾਉਣ ਦਾ ਦੋਸ਼ ਹੈ। ਇਸ ਤੋਂ ਬਾਅਦ ਲੱਕੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਅਪਣਾ ਪੱਖ ਰੱਖਿਆ ਸੀ। ਲੱਕੀ ਸੰਧੂ ਨੇ ਦਾਅਵਾ ਕੀਤਾ ਸੀ ਕਿ ਇਸ ਤੋਂ ਪਹਿਲਾਂ 2022 ‘ਚ ਵੀ ਮੋਹਾਲੀ ਥਾਣੇ ‘ਚ ਉਕਤ ਲੜਕੀ ‘ਤੇ ਮਾਮਲਾ ਦਰਜ ਹੋਇਆ ਸੀ, ਹਾਲਾਂਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਸਮੇਂ ਤਿੰਨ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ, ਜਿਸ ਵਿਚ ਕੁੱਝ ਵੀ ਸਾਹਮਣੇ ਨਹੀਂ ਆਇਆ ਸੀ।

Exit mobile version