Site icon TV Punjab | Punjabi News Channel

ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਸਰਕਾਰ ਅਤੇ ਕਿਸਾਨ ਯੂਨੀਅਨ ਵਿਚਕਾਰ ਮੀਟਿੰਗ

ਚੰਡੀਗੜ੍ਹ : ਨਰਮੇ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋ ਰਹੀ ਹੈ।

ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ ਹੈ। ਇਸ ਸੱਦੇ ਨੂੰ ਕਿਸਾਨ ਹਿੱਤਾਂ ਲਈ ਪ੍ਰਵਾਨ ਕਰਦਿਆਂ ਅੱਜ ਮੀਟਿੰਗ ਵਿਚ ਜਥੇਬੰਦੀ ਦੇ ਪੰਜ ਆਗੂ ਝੰਡਾ ਸਿੰਘ ਜੇਠੂਕੇ, ਸ਼ੰਗਾਰਾ ਸਿੰਘ ਮਾਨ (ਬਠਿੰਡਾ), ਰਾਮ ਸਿੰਘ ਭੈਣੀ ਬਾਘਾ (ਮਾਨਸਾ), ਗੁਰਪਾਲ ਸਿੰਘ ਸਿੰਘੇਵਾਲਾ ( ਸ੍ਰੀ ਮੁਕਤਸਰ ਸਾਹਿਬ) ਤੇ ਗੁਰਭੇਜ ਸਿੰਘ ਫਾਜ਼ਿਲਕਾ ਹਿੱਸਾ ਲੈ ਰਹੇ ਹਨ।

ਨਰਮੇ ਦੇ ਮੁਆਵਜ਼ੇ ਲਈ ਜਥੇਬੰਦੀ ਨੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਨਾਲ ਲੈਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਅੱਗੇ ਪਿਛਲੇ ਕਈ ਦਿਨਾਂ ਤੋਂ ਪੱਕਾ ਮੋਰਚਾ ਆਰੰਭ ਕੀਤਾ ਹੋਇਆ ਹੈ।

ਖਜ਼ਾਨਾ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਹੀ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੇ ਕਿਸਾਨਾਂ ਦੀ ਗੱਲਬਾਤ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਨਾਲ 13 ਅਕਤੂਬਰ ਨੂੰ ਕਰਵਾਉਣ ਲਈ ਲਿਖਤੀ ਚਿੱਠੀ ਭੇਜੀ ਗਈ ਹੈ।

ਇਸੇ ਦੌਰਾਨ ਜਥੇਬੰਦੀ ਦੇ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ 60,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਲੈਣ ਲਈ ਆਪਣੀ ਮੰਗ ਰੱਖਣਗੇ। ਜਥੇਬੰਦੀ ਮਜ਼ਦੂਰਾਂ ਲਈ ਵੀ 30,000 ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੀ ਮੰਗ ਕਰੇਗੀ।

ਟੀਵੀ ਪੰਜਾਬ ਬਿਊਰੋ

Exit mobile version