Site icon TV Punjab | Punjabi News Channel

PAU ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਭਾਵੁਕ ਯਾਦਾਂ ਨਾਲ ਸਮਾਪਤ

ਲੁਧਿਆਣਾ : ਅੱਜ ਪੀਏਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ ਧੂਮਧਾਮ ਨਾਲ ਸੰਪੂਰਨ ਹੋਈ। ਇਸ ਵਿੱਚ ਦੇਸ਼ ਵਿਦੇਸ਼ ਤੋਂ ਪਿਛਲੇ ਸਾਲਾਂ ਵਿਚ ਇਸ ਕਾਲਜ ਤੋਂ ਵੱਖ ਵੱਖ ਵਿਭਾਗਾਂ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ।

ਕਾਲਜ ਦੀ ਰਵਾਇਤ ਮੁਤਾਬਕ ਇਸ ਮਿਲਣੀ ਵਿਚ ਸਭ ਤੋਂ ਵੱਧ ਉਮਰ ਦੇ ਸਾਬਕਾ ਵਿਦਿਆਰਥੀ ਨੂੰ ਇਸ ਮੀਟ ਦਾ ਮੁੱਖ ਮਹਿਮਾਨ ਬਣਾਇਆ ਜਾਂਦਾ ਹੈ। ਇਸ ਵਾਰ ਇਹ ਜ਼ਿੰਮੇਵਾਰੀ 1965 ਵਿੱਚ ਕਾਲਜ ਦੇ ਪੰਜ ਸਾਲਾ ਪ੍ਰੋਗਰਾਮ ਤਹਿਤ ਆਪਣਾ ਆਪਣੀ ਡਿਗਰੀ ਵਿਚ ਦਾਖ਼ਲ ਹੋਣ ਵਾਲੇ ਸ੍ਰੀ ਪ੍ਰੇਮ ਕੁਮਾਰ ਗੁਪਤਾ ਮੁੱਖ ਮਹਿਮਾਨ ਬਣੇ।

ਸ੍ਰੀ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਖੇਤੀ ਇੰਜਨੀਅਰਿੰਗ ਕਾਲਜ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਸੰਸਥਾ ਹੈ। ਇਸ ਕਾਲਜ ਨੇ ਨਾ ਸਿਰਫ ਉਨ੍ਹਾਂ ਨੂੰ ਵਿੱਦਿਅਕ ਯੋਗਤਾ ਨਾਲ ਨਿਵਾਜ਼ਿਆ, ਬਲਕਿ ਜ਼ਿੰਦਗੀ ਜੀਣ ਦੇ ਅਸਲ ਅਰਥਾਂ ਤੋਂ ਜਾਣੂ ਕਰਵਾਇਆ।

ਉਨ੍ਹਾਂ ਕਿਹਾ ਕਿ ਉਹ ਜ਼ਿੰਦਗੀ ਵਿਚ ਜੋ ਕੁਝ ਵੀ ਪ੍ਰਾਪਤ ਕਰ ਸਕੇ ਹਨ ਉਹ ਇਸ ਕਾਲਜ ਤੋਂ ਗ੍ਰਹਿਣ ਕੀਤੀ ਵਿੱਦਿਆ ਦੀ ਬਦੌਲਤ ਹੀ ਹੈ। ਕਾਲਜ ਦੇ ਡੀਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਸਰਪ੍ਰਸਤ ਡਾ ਅਸ਼ੋਕ ਕੁਮਾਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

ਡਾ ਅਸ਼ੋਕ ਕੁਮਾਰ ਨੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਕਿ ਉਹ ਅਕਸਰ ਕਾਲਜ ਨਾਲ ਜੁੜ ਕੇ ਨਵੇਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਅਕ ਢਾਂਚੇ ਨੂੰ ਸਾਬਕਾ ਵਿਦਿਆਰਥੀਆਂ ਦੀਆਂ ਸਲਾਹਾਂ ਅਤੇ ਨਵੇਂ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਵਿਉਂਤਿਆ ਗਿਆ ਹੈ।

ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ ਸਤੀਸ਼ ਕੁਮਾਰ ਗੁਪਤਾ ਨੇ ਇਸ ਮੌਕੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਐਲੂਮਿਨੀ ਸੰਪਰਕ ਕੇਂਦਰ ਨੂੰ ਸਾਬਕਾ ਵਿਦਿਆਰਥੀਆਂ ਵੱਲੋਂ ਸਹਾਇਤਾ ਅਤੇ ਫੰਡਾਂ ਤਹਿਤ ਸਥਾਪਿਤ ਕੀਤਾ ਗਿਆ ਹੈ।

ਇਸ ਕੇਂਦਰ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਖੇਤੀ ਇੰਜਨੀਅਰਿੰਗ ਕਾਲਜ ਦੀ ਮਾਣਮੱਤੀ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ। ਸਾਬਕਾ ਵਿਦਿਆਰਥੀਆਂ ਨੇ ਐਲੂਮਨੀ ਸੰਪਰਕ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਕੇਂਦਰ ਦੀ ਸ਼ਾਨਦਾਰ ਦਿੱਖ ਦੀ ਤਾਰੀਫ ਕੀਤੀ ਤੇ ਆਸ ਪ੍ਰਗਟਾਈ ਕਿ ਇਹ ਕੇਂਦਰ ਆਉਣ ਵਾਲੇ ਇੰਜੀਨੀਅਰਾਂ ਨੂੰ ਬਿਹਤਰ ਭਵਿੱਖ ਵਲ ਲਿਜਾਉਣ ਵਿਚ ਭੂਮਿਕਾ ਅਦਾ ਕਰੇਗਾ।

ਉਦਘਾਟਨੀ ਸੈਸ਼ਨ ਵਿਚ ਡਾ ਸਮਨਪ੍ਰੀਤ ਕੌਰ ਨੇ ਸਵਾਗਤੀ ਸ਼ਬਦ ਕਹੇ ਅੰਤ ਵਿਚ ਡਾ ਪ੍ਰੀਤਇੰਦਰ ਨੇ ਹਾਜ਼ਰ ਹੋਏ ਸਾਰੇ ਸਾਬਕਾ ਵਿਦਿਆਰਥੀਆਂ ਅਤੇ ਮੌਜੂਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਦੁਪਹਿਰ ਸਮੇਂ ਸਾਂਝੇ ਭੋਜਨ ਤੋਂ ਬਾਅਦ ਕੁਝ ਮਜ਼ਾਹੀਆ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ।

ਸਾਬਕਾ ਵਿਦਿਆਰਥੀਆਂ ਨੂੰ ਟਰਾਲੀ ਵਿਚ ਬਿਠਾ ਕੇ ਯੂਨੀਵਰਸਿਟੀ ਦਾ ਚੱਕਰ ਲਵਾਇਆ ਗਿਆ। ਸਾਬਕਾ ਵਿਦਿਆਰਥੀ ਆਪਣੇ ਪਰਿਵਾਰਾਂ ਸਮੇਤ ਇਸ ਆਯੋਜਨ ਦਾ ਹਿੱਸਾ ਬਣੇ। ਇਸ ਤੋਂ ਇਲਾਵਾ ਸ਼ਾਮ ਨੂੰ ਯਾਦਾਂ ਤਾਜ਼ਾ ਕਰਨ ਲਈ ਇਕ ਸਾਂਝੇ ਰਾਤ ਦੇ ਖਾਣੇ ਦਾ ਵੀ ਆਯੋਜਨ ਕੀਤਾ ਗਿਆ।

ਪਿਛਲੇ ਲਗਪਗ ਪੰਜ ਦਹਾਕਿਆਂ ਦੌਰਾਨ ਇਸ ਕਾਲਜ ਤੋਂ ਸਿੱਖਿਆ ਹਾਸਲ ਕਰਕੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਸਾਬਕਾ ਵਿਦਿਆਰਥੀਆਂ ਨੇ ਇਸ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਇਹ ਸਾਬਕਾ ਵਿਦਿਆਰਥੀਆਂ ਦੀ ਮੀਟ ਸੰਪੂਰਨ ਹੋਈ।

ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ ਸ਼ੰਮੀ ਕਪੂਰ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version