ਡਗ ਫੋਰਡ ਦੀ ਉਦਯੋਗ ਦੇ ਆਗੂਆਂ ਨਾਲ ਬੈਠਕ

Share News:

Toronto: ਓਂਟਾਰੀਓ ਦੇ ਨਵੇਂ ਪ੍ਰੀਮੀਅਰ ਡਗ ਫੋਰਡ ਨੇ ਆਟੋ ਤੇ ਸਟੀਲ ਇੰਡਸਟਰੀ ਦੇ ਆਗੂਆਂ ਤੇ ਅਧਿਕਾਰੀਆਂ ਨਾਲ ਬੈਠਕ ਕੀਤੀ। ਟੋਰਾਂਟੋ ’ਚ ਬੁੱਧਵਾਰ ਸਵੇਰੇ ਇਹ ਬੈਠਕ ਕੀਤੀ ਗਈ। ਜਿੱਥੇ ਨਾਫਟਾ ਬਾਰੇ ਚਰਚਾ ਕੀਤੀ ਗਈ। ਇਸਦੇ ਨਾਲ ਹੀ ਵਪਾਰ ਨੂੰ ਵਧਾਉਣ ’ਚ ਸੂਬੇ ਦੇ ਯੋਗਦਾਨ ’ਤੇ ਵੀ ਗੱਲਬਾਤ ਹੋਈ।
ਡਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਪਾਰ ਨਾਲ ਸਬੰਧਤ ਯੂ.ਐੱਸ-ਕੈਨੇਡਾ ਦਰਮਿਆਨ ਚੱਲ ਰਹੀ ਗੱਲਬਾਤ ਨੂੰ ਬਹੁਤ ਹੀ ਗੰਭੀਰਤਾ ਨਾਲ ਦੇਖ ਰਹੀ ਹੈ, ਕਿਉਂ ਕਿ ਇਸ ਨਾਲ ਸੂਬੇ ’ਚ ਰੋਜ਼ਗਾਰ ’ਤੇ ਖਤਰਾ ਮੰਡਰਾਉਣ ਲੱਗਿਆ ਹੈ। ਓਂਟਾਰੀਓ ’ਚ ਹਜ਼ਾਰਾਂ ਨੌਕਰੀਆਂ ਅਮਰੀਕਾ-ਕੈਨੇਡਾ ਦੀ ਇਸ ਗੱਲਬਾਤ ’ਤੇ ਨਿਰਭਰ ਕਰਦੀਆਂ ਹਨ। ਓਂਟਾਰੀਓ ਦੇ ਹਜ਼ਾਰਾਂ ਪਰਿਵਾਰਾਂ ਦੀਆਂ ਨਜ਼ਰਾਂ ਸਰਕਾਰ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।ਵੀਰਵਾਰ ਨੂੰ ਡਗ ਫੋਰਡ ਕੈਨੇਡਾ ਦੀ ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ ਨਾਲ ਮੁਲਾਕਾਤ ਕਰ ਰਹੇ ਹਨ। ਜਿਨ੍ਹਾਂ ਦੇ ਨਾਲ ਟੋਰਾਂਟੋ ਦੇ ਇੱਕ ਐੱਮ.ਪੀ. ਵੀ ਮੌਜੂਦ ਹੋਣਗੇ। ਬੈਠਕ ਦਾ ਹਿੱਸਾ ਬਣਨ ਲਈ ਅਮਰੀਕਾ ’ਚ ਕੈਨੇਡਾ ਦੇ ਸਫ਼ੀਰ ਡੈਵਿਡ ਵੀ ਪਹੁੰਚ ਰਹੇ ਹਨ। ਬੈਠਕ ਦੌਰਾਨ ਨਾਫਟਾ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਜਾਵੇਗੀ।
ਇਸ ਬੈਠਕ ਤੋਂ ਪਹਿਲਾਂ ਵਪਾਰੀਆਂ ਨਾਲ ਮੁਲਾਕਾਤ ਕਰਕੇ ਡਗ ਫੋਰਡ ਨੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਸੁਣ ਲਿਆ ਹੈ। ਹੁਣ ਬੈਠਕ ਦੌਰਾਨ ਵਪਾਰੀਆਂ ਦੇ ਮੁੱਦਿਆਂ ਨੂੰ ਡਗ ਫੋਰਡ ਵੱਲੋਂ ਚੁੱਕਿਆ ਜਾਵੇਗਾ।
ਜਿਕਰਯੋਗ ਹੈ ਕਿ ਨਾਫਟਾ ਇੱਕ ਫਰੀ ਟਰੇਡ ਐਗਰੀਮੈਂਟ ਹੈ, ਪਰ ਅਮਰੀਕਾ ਨੇ ਪਿਛਲੇ ਮਹੀਨੇ ਐਲਾਨ ਕਰ ਦਿੱਤਾ ਕਿ ਸਟੀਲ ’ਤੇ 25 ਫ਼ੀਸਦ ਤੇ ਐਲੁਮੀਨੀਅਮ ’ਤੇ 10 ਫ਼ੀਸਦ ਟੈਕਸ ਲਗਾਇਆ ਜਾਵੇਗਾ। ਕੈਨੇਡਾ ਡਿਊਟੀ ਵਧਾ ਕੇ ਅਮਰੀਕਾ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ।
ਟਰੰਪ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਵੀ ਪ੍ਰੀਮੀਅਰ ਡਗ ਫਰਡ ਨੇ ਪ੍ਰਤੀਕਰਮ ਦਿੱਤਾ ਹੈ। ਜਿਨ੍ਹਾਂ ਕਿਹਾ ਕਿ ਉਨ੍ਹਾਂ ਮੁਤਾਬਕ ਟਰੰਪ ਰਾਸ਼ਟਪਰੀ ਵਜੋਂ ਅਮਰੀਕਾ ਨੂੰ ਬਚਾ ਰਹੇ ਹਨ , ਤੇ ਉਹ ਆਪਣੇ ਫਰਜ਼ ਮੁਤਾਬਕ ਓਂਟਾਰੀਓ ’ਚ ਰੋਜ਼ਗਾਰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਅੱਜ ਫਿਰ ਡਗ ਫਰਡ ਨੇ ਦਹੁਰਾਇਆ ਕਿ ਉਹ ਕੌਮਾਂਤਰੀ ਮਾਮਲਿਆਂ ’ਚ ਟਰੂਡੋ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।

leave a reply