Site icon TV Punjab | Punjabi News Channel

ਮੂਸੇਵਾਲਾ ਕਤਲ ਮਾਮਲਾ: ਵਿੱਕੀ ਮਿੱਡੂਖੇੜਾ ਦੇ ਭਰਾ ਨੇ ਮਾਨਸਾ ਪੁਲਿਸ ਨੂੰ ਸੌਂਪੇ ਮੋਬਾਈਲ ਤੇ ਹੋਰ ਦਸਤਾਵੇਜ਼

ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਮਾਨਸਾ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤਹਿਤ ਮਰਹੂਮ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਉਸ ਦਾ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਹਾਸਿਲ ਕੀਤੇ ਗਏ ਹਨ । ਅਜੈ ਪਾਲ ਬੀਤੇ ਦਿਨ ਇੱਥੇ ਉਕਤ ਸਾਮਾਨ ਪੁਲਿਸ ਹਵਾਲੇ ਕਰਕੇ ਵਾਪਸ ਚਲਾ ਗਿਆ ਹੈ। ਦੱਸ ਦੇਈਏ ਕਿ ਇੱਕ ਹਫ਼ਤੇ ਦੌਰਾਨ ਉਸ ਨੂੰ ਦੂਜੀ ਵਾਰ ਮਾਨਸਾ ਬੁਲਾਇਆ ਗਿਆ ਹੈ। ਪਹਿਲੇ ਗੇੜੇ ਦੌਰਾਨ ਪੁਲਿਸ ਵੱਲੋਂ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਲੰਬੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਬੀਤੇ ਦਿਨ ਸੀਆਈਏ ਥਾਣਾ ਮਾਨਸਾ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਵੀ ਪੁੱਛ-ਪੜਤਾਲ ਕੀਤੀ ਸੀ।

ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਵੱਲੋਂ ਇਸ ਕੇਸ ਵਿੱਚ ਬਾਵਾ ਸੰਧੂ ਤੇ ਉਸ ਦੇ ਦੋ ਨੇੜਲੇ ਸਾਥੀਆਂ ਨੂੰ ਵੀ ਤਲਬ ਕੀਤਾ ਹੋਇਆ ਹੈ, ਬਾਵਾ ਸੰਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਇਨ੍ਹਾਂ ਦੇ ਅਗਲੇ ਦਿਨਾਂ ਦੌਰਾਨ ਪੁੱਛ-ਪੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਗਾਇਕਾਂ ਤੋਂ ਇਲਾਵਾ ਪੁਲਿਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ ਨੂੰ ਵੀ ਤਫਤੀਸ਼ ਵਿੱਚ ਸ਼ਾਮਿਲ ਕੀਤਾ ਹੈ, ਜੋ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਹੈ। ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਇਸ ਕੇਸ ਸਬੰਧੀ ਕਈ ਲੋਕਾਂ ਤੋਂ ਲੋੜੀਂਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ ਵਿੱਚ ਲਿਆਂਦੀ ਤੇਜ਼ੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

Exit mobile version