Site icon TV Punjab | Punjabi News Channel

ਟੀ-20 ਵਿੱਚ ਸਭ ਤੋਂ ਵੱਧ ਦੌੜਾਂ – ਮਾਰਟਿਨ ਗੁਪਟਿਲ ਨੇ ਰੋਹਿਤ ਸ਼ਰਮਾ ਦਾ ਤੋੜਿਆ ਰਿਕਾਰਡ

ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਬੁੱਧਵਾਰ ਨੂੰ ਟੀ-20 ਇੰਟਰਨੈਸ਼ਨਲ ਕ੍ਰਿਕਟ ‘ਚ ਖਾਸ ਉਪਲੱਬਧੀ ਹਾਸਲ ਕੀਤੀ। ਹੁਣ ਉਹ T20I ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਰੋਹਿਤ ਸ਼ਰਮਾ ਨੂੰ ਪਛਾੜ ਕੇ ਇਹ ਰਿਕਾਰਡ ਬਣਾਇਆ ਹੈ। ਨਿਊਜ਼ੀਲੈਂਡ ਦੀ ਟੀਮ ਇਨ੍ਹੀਂ ਦਿਨੀਂ ਸਕਾਟਲੈਂਡ ਦੇ ਦੌਰੇ ‘ਤੇ ਹੈ ਅਤੇ ਬੁੱਧਵਾਰ ਨੂੰ ਇੱਥੇ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਗੁਪਟਿਲ ਨੇ 40 ਦੌੜਾਂ ਬਣਾਈਆਂ।

ਗੁਪਟਿਲ ਨੇ 31 ਗੇਂਦਾਂ ਦੀ ਆਪਣੀ ਪਾਰੀ ‘ਚ 4 ਚੌਕੇ ਅਤੇ 2 ਛੱਕੇ ਲਗਾਏ। ਗੁਪਟਿਲ ਦੇ ਹੁਣ ਇਸ ਫਾਰਮੈਟ ‘ਚ 3399 ਦੌੜਾਂ ਹਨ, ਜਦਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਂ 3379 ਦੌੜਾਂ ਹਨ। ਯਾਨੀ ਰੋਹਿਤ ਹੁਣ ਇਸ ਕੀਵੀ ਬੱਲੇਬਾਜ਼ ਤੋਂ 20 ਦੌੜਾਂ ਪਿੱਛੇ ਹੈ। ਗੁਪਟਿਲ ਇਸ ਸੀਰੀਜ਼ ‘ਚ ਹੋਰ ਅੱਗੇ ਜਾ ਸਕਦੇ ਹਨ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਦੋ ਟੀ-20 ਅਤੇ ਇਕ ਵਨਡੇ ਸੀਰੀਜ਼ ਖੇਡਣ ਲਈ ਸਕਾਟਲੈਂਡ ਆਈ ਹੈ।

ਜੇਕਰ ਮਾਰਟਿਨ ਗੁਪਟਿਲ ਅਤੇ ਰੋਹਿਤ ਸ਼ਰਮਾ ਦੇ ਮੈਚਾਂ ਦੀ ਤੁਲਨਾ ਕੀਤੀ ਜਾਵੇ ਤਾਂ ਗੁਪਟਿਲ ਨੇ ਰੋਹਿਤ ਸ਼ਰਮਾ ਤੋਂ ਵੀ ਤੇਜ਼ ਰਫ਼ਤਾਰ ਨਾਲ ਇਹ ਦੌੜਾਂ ਬਣਾਈਆਂ ਹਨ। ਉਸ ਨੇ ਹੁਣ ਤੱਕ ਸਿਰਫ 116 ਟੀ-20 ਮੈਚ ਖੇਡੇ ਹਨ, ਜਿਸ ‘ਚ ਉਸ ਨੇ 2 ਸੈਂਕੜੇ ਅਤੇ 20 ਅਰਧ ਸੈਂਕੜਿਆਂ ਦੀ ਮਦਦ ਨਾਲ 3379 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਜੇਕਰ ਰੋਹਿਤ ਦੀ ਗੱਲ ਕਰੀਏ ਤਾਂ ਉਸ ਨੇ 128 ਮੈਚਾਂ ‘ਚ 4 ਸੈਂਕੜੇ ਅਤੇ 26 ਅਰਧ ਸੈਂਕੜਿਆਂ ਦੀ ਮਦਦ ਨਾਲ 3379 ਦੌੜਾਂ ਬਣਾਈਆਂ।

ਜੇਕਰ ਇਸ ਫਾਰਮੈਟ ‘ਚ ਦੋਵਾਂ ਬੱਲੇਬਾਜ਼ਾਂ ਦੇ ਚੌਕਿਆਂ ਅਤੇ ਛੱਕਿਆਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਚੌਕਿਆਂ ਦੇ ਮਾਮਲੇ ‘ਚ ਗੁਪਟਿਲ ਤੋਂ 4 ਕਦਮ ਅੱਗੇ ਹੋ ਸਕਦੇ ਹਨ ਪਰ ਛੱਕਿਆਂ ਦੇ ਮੁਕਾਬਲੇ ਉਹ ਗੁਪਟਿਲ ਤੋਂ 12 ਛੱਕੇ ਪਿੱਛੇ ਹਨ। ਗੁਪਟਿਲ ਨੇ ਹੁਣ ਤੱਕ 297 ਚੌਕੇ ਅਤੇ 169 ਛੱਕੇ ਲਗਾਏ ਹਨ, ਜਦਕਿ ਰੋਹਿਤ ਨੇ 303 ਚੌਕੇ ਅਤੇ 157 ਛੱਕੇ ਲਗਾਏ ਹਨ।

ਹਾਲਾਂਕਿ ਰੋਹਿਤ ਸ਼ਰਮਾ ਕੋਲ ਗੁਪਟਿਲ ਤੋਂ ਰਿਕਾਰਡ ਵਾਪਸ ਖੋਹਣ ਦਾ ਮੌਕਾ ਹੋਵੇਗਾ। ਟੀਮ ਇੰਡੀਆ ਨੂੰ ਸ਼ੁੱਕਰਵਾਰ ਤੋਂ ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਰੋਹਿਤ ਕੋਲ ਇੱਕ ਵਾਰ ਫਿਰ ਗੁਪਟਿਲ ਨੂੰ ਪਿੱਛੇ ਛੱਡਣ ਦਾ ਮੌਕਾ ਮਿਲੇਗਾ।

Exit mobile version