Surrey- ਸਰੀ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬ੍ਰਿਟਿਸ਼ ਕੋਲੰਬੀਆ ’ਚ ਜਾਰੀ ਹੋਇਆ ਅੰਬਰ ਅਲਰਟ ਖ਼ਤਮ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਗਵਾ ਕਰਨ ਵਾਲੀ ਉਨ੍ਹਾਂ ਮਾਂ ਵੇਰਿਟੀ ਬੋਲਟਨ, ਉਸ ਦੇ ਪਿਓ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨੂੰ ਦੋ ਹੋਰ ਵਿਅਕਤੀਆਂ ਸਣੇ ਅਲਬਰਟਾ ਦੇ ਐਡਸਨ ’ਚ ਲੱਭ ਲਿਆ ਗਿਆ ਹੈ। ਸਾਰੇ ਜਣੋ ਇੱਥੇ ਕਿਰਾਏ ਦੇ ਇੱਕ ਮਕਾਨ ’ਚ ਰਹਿ ਰਹੇ ਸਨ। ਸਰੀ ਆਰ. ਸੀ. ਐਮ. ਪੀ. ਦੇ ਅਧਿਕਾਰੀ ਵੈਨੇਸਾ ਮੁਨ ਨੇ ਦੱਸਿਆ ਕਿ ਵੇਰਿਟੀ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਦੋਵੇਂ ਅਲਬਰਟਾ ਵਿਖੇ ਪੁਲਿਸ ਹਿਰਾਸਤ ’ਚ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਬਿ੍ਰਟਿਸ਼ ਕੋਲੰਬੀਆ ਲਿਆਂਦਾ ਜਾਵੇਗਾ। ਪੁਲਿਸ ਨੇ 45 ਸਾਲਾ ਵੇਰਿਟੀ ’ਤੇ ਅਗਵਾਕਾਰੀ ਦੇ ਦੋ ਦੋਸ਼ ਅਤੇ 53 ਸਾਲਾ ਉਸ ਦੇ ਪ੍ਰੇਮੀ ਗਲਾਜ਼ੋਵ ’ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਅਗਵਾਕਾਰੀ ਦੇ ਦੋ ਦੋਸ਼ ਆਇਦ ਕੀਤ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਦੋਵੇਂ ਬੱਚੇ ਸਹੀ ਸਲਾਮਤ ਪੁਲਿਸ ਨੂੰ ਮਿਲ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ ਦੇ ਹਵਾਲੇ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ ’ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।