Site icon TV Punjab | Punjabi News Channel

ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਥਾਣਾ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਪੁਰਾਣੀ ਸੁੰਦਰਗੜ੍ਹ ਨਜ਼ਦੀਕ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਹਲਚਲ ਤੋਂ ਬਾਅਦ ਬੀ.ਐੱਸ.ਐਫ. ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਫਾਇਰ ਕੀਤੇ। ਬੀ ਐੱਸ ਐੱਫ ਵੱਲੋਂ ਫਾਇਰ ਕਰਨ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਦਿਨ ਚੜ੍ਹਦਿਆਂ ਹੀ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਉਕਤ ਏਰੀਏ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਭਾਰਤ ਪਾਕਿਸਤਾਨ ਸਰਹੱਦ ਤੋਂ 4 ਪੈਕੇਟ ਹੈਰੋਇਨ ਬਰਾਮਦ
ਬੀਤੀ ਰਾਤ ਭਾਰਤ ਪਾਕਿਸਤਾਨ ਸਰਹੱਦ ‘ਤੇ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਨੇੜੇ ਡਰੋਨ ਦੀ ਹਲਚਲ ਤੋਂ ਬਾਅਦ ਅੱਜ ਸਵੇਰੇ ਬੀ.ਐੱਸ.ਐੱਫ. ਅਧਿਕਾਰੀਆਂ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਦੱਸੀ ਜਾ ਰਹੀ ਹੈ I ਇਹ ਹੈਰੋਇਨ ਡਰੋਨ ਵਲੋਂ ਸੁੱਟੀ ਗਈ ਹੈ ਜਾਂ ਹੋਰਨਾਂ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈ ਇਸ ਸੰਬੰਧੀ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ। ਬੀ.ਐੱਸ.ਐੱਫ. ਵਲੋਂ ਸੰਬੰਧਿਤ ਇਲਾਕੇ ਵਿਚ ਅਜੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਮਨੀਸ਼ ਸਿਸੋਦੀਆ ਨੇ ਸਾਧਿਆ ਚੰਨੀ ‘ਤੇ ਨਿਸ਼ਾਨਾ
ਚੰਡੀਗੜ੍ਹ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਵੀ ਪੰਜ ਸਾਲ ਮਿਲੇ ਅਤੇ ‘ਆਪ’ ਨੂੰ ਵੀ ਦਿੱਲੀ ‘ਚ ਪੰਜ ਸਾਲ ਮਿਲੇ ਹਨ ਅਤੇ ਜੇਕਰ ਦਿੱਲੀ ਦੇ ਸਕੂਲਾਂ ਵਿਚ ਪੰਜ ਸਾਲਾਂ ਵਿਚ ਸਰਕਾਰੀ ਸਕੂਲਾਂ ਵਿਚ ਵਧੀਆ ਪੜ੍ਹਾਈ ਦਾ ਮਾਹੌਲ ਬਣ ਸਕਦਾ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 250 ਸਕੂਲਾਂ ਦੀ ਲਿਸਟ ਮੰਗੀ ਗਈ ਸੀ ਜੋ ਅਜੇ ਤੱਕ ਨਹੀਂ ਦਿੱਤੀ ਗਈ ਹੈ। ਸਿਸੋਦੀਆ ਨੇ ਟਵੀਟ ਵਿਚ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਪੰਜਾਬ ਦੇ ਵਿਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਅਤੇ ਪੰਜਾਬ ਦੇ ਸਕੂਲ ਦੇਸ਼ ਵਿਚ ਸਭ ਤੋਂ ਵਧੀਆ ਹਨ ਅਤੇ ਅੱਜ ਉਹ ਇਹ ਸਕੂਲ ਦੇਖਣ ਲਈ ਜਾਣਗੇ।

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਟਾਵਰ ‘ਤੇ ਚੜ੍ਹੇ ਕੱਚੇ ਅਧਿਆਪਕ
ਮੁਹਾਲੀ : ਸਿੱਖਿਆ ਵਿਭਾਗ ਪੰਜਾਬ ਵਿਚ ਕੰਮ ਕਰਦੇ ਕੱਚੇ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਖਰੜ ਸ਼ਹਿਰ ਵਿਚ ਮੋਬਾਈਲ ਟਾਵਰ ‘ਤੇ ਚੜ੍ਹ ਗਏ। ਸੂਚਨਾ ਮਿਲਣ ‘ਤੇ ਪੁਲਿਸ ਵਲੋਂ ਟਾਵਰ ਵਾਲੇ ਏਰੀਆ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਰੋਜ਼ਗਾਰ ਨਾ ਮਿਲਣ ਤੋਂ ਨਾਰਾਜ਼ ਹੋ ਕੇ ਪੰਜਾਬ ਵਿਧਾਇਕ ਹੋਸਟਲ ਦੇ ਸਾਹਮਣੇ ਇਕ ਟਾਵਰ ‘ਤੇ ਚੜ੍ਹ ਗਿਆ ਸੀ। ਟਾਵਰ ‘ਤੇ ਚੜ੍ਹੇ ਅਧਿਆਪਕ ਨਾਲ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਫੋਨ ਤੇ ਗੱਲ ਕੀਤੀ ਸੀ ਅਤੇ ਉਸ ਅਧਿਆਪਕ ਨੂੰ ਟਾਵਰ ਤੋਂ ਹੇਠਾਂ ਆਉਣ ਦੀ ਅਪੀਲ ਕੀਤੀ ਸੀ।

ਸੰਗੀਤਕਾਰ ਸੁਰਿੰਦਰ ਬੱਚਨ ਦਾ ਦਿਹਾਂਤ
ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਸੁਰਿੰਦਰ ਬੱਚਨ ਦਾ ਕੱਲ੍ਹ ਚੰਡੀਗੜ੍ਹ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅਣਗਿਣਤ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ ਸੀ ਅਤੇ ਜਿਸ ਰਫ਼ਤਾਰ ਨਾਲ ਉਹ ਸੰਗੀਤ ਤਿਆਰ ਕਰਦੇ ਸੀ, ਉਨ੍ਹਾਂ ਨੂੰ ਸੰਗੀਤ ਮਸ਼ੀਨ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 16,000 ਤੋਂ ਵੱਧ ਫ਼ਿਲਮੀ ਅਤੇ ਗੈਰ- ਫ਼ਿਲਮੀ ਗੀਤਾਂ ਲਈ ਸੰਗੀਤ ਦਿੱਤਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਮਸ਼ਹੂਰ ਗਾਇਕ ਬੀ. ਪਰਾਕ ਉਨ੍ਹਾਂ ਦਾ ਭਤੀਜਾ ਹੈ।

ਟੀਵੀ ਪੰਜਾਬ ਬਿਊਰੋ

Exit mobile version