Site icon TV Punjab | Punjabi News Channel

Mrs.ਚੰਡੀਗੜ੍ਹ 3 ਕਰੋੜ ਦੀ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ, ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਦੇ ਲੱਗੇ ਇਲਜ਼ਾਮ

ਡੈਸਕ- ਮੋਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੋਕਾਂ ਨਾਲ ਕਰੋੜਾ ਦੀ ਠੱਗੀ ਮਾਰਨ ਦੇ ਮਾਮਲੇ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ Mrs.ਚੰਡੀਗੜ੍ਹ ਰਹਿ ਚੁਕੀ ਅਪਰਨਾ ਸਗੋਤਰਾ ਅਤੇ ਉਸਦੇ ਪੁੱਤਰ ਕੁਨਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਐਸਐੱਚਓ ਗਿਆਨਦੀਪ ਸਿੰਘ ਨੇ ਦੱਸਿਆ ਕਿ ਇਸ ਠੱਗੀ ’ਚ ਸਾਬਕਾ ਮਿਸਿਜ਼ ਚੰਡੀਗੜ੍ਹ ਰਹੀ ਅਪਰਨਾ ਸਗੋਤਰਾ, ਉਸਦਾ ਘਰਵਾਲਾ ਅਤੇ ਪੁੱਤਰ ਵੀ ਸ਼ਾਮਲ ਸੀ। ਪੁਲਿਸ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਠੱਗੀ ਨਾਲ ਬਣਾਈ ਜਾਇਦਾਦ ਕੁਰਕ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇਗਾ।

ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਰੁਪਏ ਨਕਦ ਅਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਮੁਹਾਲੀ ਦੀ ਫੇਜ਼ 11 ਪੁਲਿਸ ਅਨੁਸਾਰ ਉਸ ਖ਼ਿਲਾਫ਼ ਧੋਖਾਧੜੀ ਦੇ 25 ਕੇਸ ਦਰਜ ਹਨ। ਜਿਸ ਵਿੱਚ ਉਸ ਨੇ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਐਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਮੁਹਾਲੀ ਪੁਲਿਸ ਅਨੁਸਾਰ ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 105 ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ, ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ। ਕਈ ਲੋਕਾਂ ਨੇ ਇਹਨਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਅਤੇ ਉਸ ਦੇ ਪਤੀ ਨੇ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਵਿਦੇਸ਼ ਦਾ ਝਾਂਸਾ ਦੇ ਕਿ ਆਪਣੇ ਜਾਲ ਵਿੱਚ ਫਸਾ ਲੈਂਦੇ ਸਨ।

ਮੁਹਾਲੀ ਪੁਲਿਸ ਅਨੁਸਾਰ ਜੇਕਰ ਕੋਈ ਪੈਸੇ ਹੜੱਪਣ ਤੋਂ ਬਾਅਦ ਮੁਲਜ਼ਮ ਅਰਪਨਾ ਸਗੋਤਰਾ ਤੋਂ ਪੈਸੇ ਮੰਗਣ ਜਾਂਦਾ ਤਾਂ ਉਹ ਉਸਨੂੰ ਧਮਕੀਆਂ ਦਿੰਦੇ ਸਨ। ਕਿਉਂਕਿ ਉਹ ਪੇਸ਼ੇ ਤੋਂ ਵਕੀਲ ਹੈ, ਇਸ ਲਈ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਧਮਕੀਆਂ ਦਿੰਦੇ ਸੀ ਕਿ ਉਹ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾ ਦੇਣਗੇ। ਹਾਲਾਂਕਿ ਜਦੋਂ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵਧੀ ਤਾਂ ਉਹ ਥਾਣੇ ਪਹੁੰਚ ਗਏ ਅਤੇ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਦਾ ਰਾਜ਼ ਖੁੱਲ੍ਹ ਗਿਆ।

ਮੁਹਾਲੀ ਪੁਲਿਸ ਨੇ ਦੱਸਿਆ ਕਿ ਧੋਖਾਧੜੀ ਦੀ ਰਕਮ ਬਹੁਤ ਜ਼ਿਆਦਾ ਹੈ। ਇਸ ਕਾਰਨ ਪੁਲਿਸ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦਾ ਪਤਾ ਲਗਾ ਰਹੀ ਹੈ। ਪੁਲਿਸ ਅਦਾਲਤ ਰਾਹੀਂ ਉਸ ਦੀ ਜਾਇਦਾਦ ਵੀ ਜ਼ਬਤ ਕਰਵਾਵੇਗੀ ਤਾਂ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਨਸਾਫ਼ ਮਿਲ ਸਕੇ। ਗ੍ਰਿਫ਼ਤਾਰ ਮੁਲਜ਼ਮ ਅਰਪਨਾ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਜ਼ਿਆਦਾਤਰ ਕੇਸ ਦਰਜ ਹੋਏ ਹਨ। ਇਹ ਸਭ ਇਮੀਗ੍ਰੇਸ਼ਨ ਧੋਖਾਧੜੀ ਹੈ। ਜ਼ਿਆਦਾਤਰ ਪੀੜਤ ਪੰਜਾਬ ਦੇ ਜ਼ਿਲ੍ਹਿਆਂ ਦੇ ਹਨ।

Exit mobile version