ਡੈਸਕ- ਪੰਜਾਬ ਸਰਕਾਰ ਨੇ ਪੰਜ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਦੀਆਂ ਚੋਣਾਂ 15 ਨਵੰਬਰ ਤੱਕ ਕਰਾਉਣ ਦਾ ਫ਼ੈਸਲਾ ਕੀਤਾ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪੰਜ ਨਿਗਮਾਂ ਦੀਆਂ ਚੋਣਾਂ ਦੀ ਤਿਆਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਚੋਣਾਂ ਕਰਾਉਣ ਬਾਰੇ ਰਸਮੀ ਪੱਤਰ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦੇ ਮੇਅਰਾਂ ਅਤੇ ਕੌਂਸਲਰਾਂ ਦੀ ਮਿਆਦ ਇਸ ਸਾਲ ਜਨਵਰੀ ਵਿਚ ਖ਼ਤਮ ਹੋ ਚੁੱਕੀ ਹੈ ਜਦਕਿ ਫਗਵਾੜਾ ਨਗਰ ਨਿਗਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਉਥੇ ਚੋਣ ਹੋਈ ਨਹੀਂ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨਿਗਮਾਂ ਵਿਚ ਵਾਰਡਬੰਦੀ ਆਦਿ ਦਾ ਕੰਮ ਮੁਕੰਮਲ ਕਰ ਲਿਆ ਹੈ।
ਦੇਖਿਆ ਜਾਵੇ ਤਾਂ 34 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਮਿਆਦ ਵੀ ਦਸੰਬਰ 2022 ਅਤੇ ਫਰਵਰੀ 2023 ਦਰਮਿਆਨ ਖ਼ਤਮ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚੋਣਾਂ ਦੇ ਨਾਲ ਹੀ 39 ਨਗਰ ਕੌਂਸਲਾਂ ਦੀਆਂ ਚੋਣਾਂ ਵੀ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।