Site icon TV Punjab | Punjabi News Channel

ਨਿਊਯਾਰਕ ’ਚ ਟਿਕਟਾਕ ’ਤੇ ਲੱਗੀ ਪਾਬੰਦੀ

ਨਿਊਯਾਰਕ ’ਚ ਟਿਕਟਾਕ ’ਤੇ ਲੱਗੀ ਪਾਬੰਦੀ

New York – ਨਿਊਯਾਰਕ ਸ਼ਹਿਰ ਨੇ ਬੁੱਧਵਾਰ ਨੂੰ ਸੁਰੱਖਿਆ ਚਿੰਤਾਵਾਂ ਦੇ ਆਧਾਰ ’ਤੇ ਸਰਕਾਰੀ ਮਾਲਕੀਅਤ ਵਾਲੇ ਉਪਕਰਣਾਂ ’ਤੇ ਟਿਕਟਾਕ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚੱਲਦਿਆਂ ਕੁਝ ਪ੍ਰਸਿੱਧ ਟਿਕਟਾਕ ਖ਼ਾਤੇ ਖ਼ਤਮ ਹੋ ਗਏ। ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾ ਐਲਨ ਨੇ ਇੱਕ ਬਿਆਨ ’ਚ ਦੱੱਸਿਆ ਸ਼ਹਿਰ ਦੇ ਸਾਈਬਰ ਕਮਾਂਡ ਨੇ ਨਿਸ਼ਚਿਤ ਕੀਤਾ ਹੈ ਕਿ ਐਪ ਸ਼ਹਿਰ ਦੇ ਤਕਨੀਕੀ ਨੈੱਟਵਰਕ ਲਈ ਸੁਰੱਖਿਆ ਖ਼ਤਰਾ ਪੈਦਾ ਕਰ ਸਕਦੀ ਹੈ। ਸ਼ਹਿਰ ਦੀਆਂ ਏਜੰਸੀਆਂ ਲਈ ਇਸ ਨੂੰ 30 ਦਿਨਾਂ ਦੇ ਅੰਦਰ ਹਟਾਉਣਾ ਲਾਜ਼ਮੀ ਹੋਵੇਗਾ ਅਤੇ ਕਰਮਚਾਰੀ ਸ਼ਹਿਰ ਦੀ ਮਾਲਕੀਅਤ ਵਾਲੇ ਉਪਕਰਣਾਂ ਅਤੇ ਨੈੱਟਵਰਕ ਤੋਂ ਟਿਕਟਾਕ ਅਤੇ ਇਸ ਦੀ ਵੈੱਬਸਾਈਟ ਤੱਕ ਪਹੁੰਚ ਗੁਆ ਦੇਣਗੇ। ਅਮਰੀਕਾ ’ਚ ਟਿਕਟਾਕ ਦੇ 15 ਕਰੋੜ ਤੋਂ ਵੱਧ ਯੂਜਰਜ਼ ਹਨ ਅਤੇ ਇਸ ਐਪ ਦੀ ਮਾਲਕੀਅਤ ਚੀਨੀ ਟੈੱਕ ਦਿੱਗਜ ਬਾਈਟਡਾਂਸ ਦੇ ਕੋਲ ਹੈ।
ਉੱਧਰ ਟਿਕਟਾਕ ਦਾ ਇਸ ਬਾਰੇ ’ਚ ਕਹਿਣਾ ਹੈ ਕਿ ਉਨ੍ਹਾਂ ਨੇ ਅਮਰੀਕੀ ਯੂਜ਼ਰਾਂ ਦਾ ਕੋਈ ਵੀ ਡਾਟਾ ਚੀਨੀ ਸਰਕਾਰ ਨਾਲ ਸਾਂਝਾ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਕਰਨਗੇ। ਟਿਕਟਾਕ ਮੁਤਾਬਕ, ‘‘ਅਸੀ ਟਿਕਟਾਕ ਯੂਜ਼ਰਾਂ ਦੀ ਗੁਪਤਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਲੋੜੀਂਦੇ ਉਪਾਅ ਕੀਤੇ ਹਨ।’’ ਦੱਸ ਦਈਏ ਕਿ FBI ਦੇ ਨਿਰਦੇਸ਼ਕ ਕ੍ਰਿਸਟੋਫਰ ਰੇ ਅਤੇ CIA ਨਿਰਦੇਸ਼ਕ ਵਿਲੀਅਮਜ਼ ਬਰਨਜ਼ ਸਣੇ ਕਈ ਚੋਟੀ ਦੇ ਅਮਰੀਕੀ ਸੁਰੱਖਿਆ ਅਧਿਕਾਰੀ ਟਿਕਟਾਕ ਨੂੰ ਖ਼ਤਰਾ ਦੱਸ ਚੁੱਕੇ ਹਨ। ਕ੍ਰਿਸਟੋਫਰ ਨੇ ਕਿਹਾ ਕਿ ਚੀਨੀ ਸਰਕਾਰ ਲੱਖਾਂ ਉਪਕਰਣਾਂ ’ਤੇ ਸਾਫ਼ਟਵੇਅ ਨੂੰ ਕਾਬੂ ਕਰਨ ਅਤੇ ਅਮਰੀਕੀ ’ਚ ਫੁੱਟ ਪਾਉਣ ਲਈ ਕਹਾਣੀਆਂ ਚਲਾਉਣ ਲਈ ਟਿਕਟਾਕ ਦੀ ਵਰਤੋਂ ਕਰਦੀ ਹੈ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਭਾਰਤ ਨੇ ਵੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਸਾਲ 2020 ’ਚ ਟਿਕਟਾਕ ’ਤੇ ਬੈਨ ਲਗਾ ਦਿੱਤਾ ਸੀ।

Exit mobile version