Site icon TV Punjab | Punjabi News Channel

ਸੀ.ਐੱਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਨਿਰਮਲ ਮਾਨ, ‘ਕਿਸਾਨਾਂ ਦੀ ਹਰ ਸੰਭਵ ਮਦਦ ਕਰਣ ਲਈ ਪੰਜਾਬੀ ਪਰਵਾਸੀ ਤਿਆਰ’

ਚੰਡੀਗੜ੍ਹ- ਵਿਦੇਸ਼ਾਂ ‘ਚ ਸੈਟਲ ਐਨਆਰਆਈ ਭਰਾ ਪੰਜਾਬ ਦੀ ਮਿੱਟੀ ਪ੍ਰਤੀ ਆਪਣਾ ਮੋਹ ਨਹੀਂ ਤਿਆਗ ਪਾਉਂਦੇ ਅਤੇ ਲੋੜ ਪੈਣ ‘ਤੇ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿੰਦੇ ਪ੍ਰਸਿੱਧ ਬਿਜ਼ਨਸਮੈਨ ਨਿਰਮਲ ਮਾਨ ਇਸੇ ਤਹਿਤ ਪੰਜਾਬ ਪਹੁੰਚੇ ਹਨ। ਨਿਰਮਲ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਕਿਸਾਨਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ।

ਇਸ ਮੌਕੇ ਭਗਵੰਤ ਮਾਨ ਦੇ ਪੁਰਾਣੇ ਸਾਥੀ ਰਹੇ ਕਾਮੇਡੀਅਨ ਜਗਤਾਰ ਜੱਗੀ, ਕਰਮਜੀਤ ਅਨਮੋਲ ਤੇ ਲੇਖਕ ਬਾਬੂ ਸਿੰਘ ਮਾਨ ਵੀ ਮੌਜੂਦ ਰਹੇ। ਨਿਰਮਲ ਮਾਨ ਨੇ ਮੁੱਖ ਮੰਤਰੀ ਨਾਲ ਕਿਸਾਨੀ ਸਮੱਸਿਆਵਾਂ ਦੇ ਨਾਲ ਹੀ ਐਨਆਰਆਈ ਭਰਾਵਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ‘ਤੇ ਚਰਚਾ ਕੀਤੀ। ਮੁੱਖ ਮੰਤਰੀ ਨੇ ਨਿਰਮਲ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀ ਹੈ। ਸਰਕਾਰ ਨੇ ਕਿਸਾਨਾਂ ਨੂੰ ਮੂੰਗੀ ਦੀ ਫਸਲ ‘ਤੇ ਐੱਮਐੱਸਪੀ ਦੇਣ ਦੀ ਪਹਿਲ ਕੀਤੀ ਹੈ। ਅੱਜ ਤੋਂ ਪਹਿਲੇ ਕਿਸੇ ਹੋਰ ਸਰਕਾਰ ਨੇ ਇਸ ਤਰਾਂ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ 1500 ਰੁਪਏ ਦੇਣ ਦਾ ਐਲਾਨ ਵੀ ਉਨ੍ਹਾਂ ਦੀ ਸਰਕਾਰ ਨੇ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦਾ ਸੂਬੇ ਦੇ ਵਿਕਾਸ ‘ਚ ਬਹੁਤ ਵੱਡਾ ਰੋਲ ਹੈ। ਅਸੀਂ ਸਾਰੇ ਮਿਲਜੁਲ ਕੇ ਇਸ ਸਮਾਜ ਨੂੰ ਬਿਹਤਰ ਬਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਨਿਰਮਲ ਮਾਨ, ਜਗਤਾਰ ਜੱਗੀ ਤੇ ਕਰਮਜੀਤ ਅਨਮੋਲ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨਜੀਤ ਸਿੱਧੂ ਵੀ ਹਾਜ਼ਰ ਰਹੇ। ਹਰਪਾਲ ਚੀਮਾ ਨੇ ਨਿਰਮਲ ਮਾਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਕੋਲ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਕਰਨ ਲਈ ਕਈ ਪਲਾਨ ਹਨ, ਜਿਨ੍ਹਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।

Exit mobile version