ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ ਵਿਚ ਦਿੱਲੀ ਪੁਲਿਸ ਨੂੰ ਨੋਟਿਸ

Share News:

ਪੰਜਾਬ ਹਰਿਆਣਾ ਹਾਈ ਕੋਰਟ ਨੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੀ ਪਟੀਸ਼ਨ ‘ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਗੁਰਦੀਪ ਨੇ ਦਿੱਲੀ ਪੁਲਿਸ ਉਤੇ ਉਸ ਦੀ ਗੈਰਕਾਨੂੰਨੀ ਨਜ਼ਰਬੰਦੀ ਅਤੇ ਅੱਤਿਆਚਾਰ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਦਿੱਲੀ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਦਿੱਲੀ ਪੁਲਿਸ ਨੇ ਜਵਾਬ ਦੇਣ ਲਈ ਦੋ ਹਫ਼ਤਿਆਂ ਦੇ ਸਮੇਂ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਗੁਰਦੀਪ ਸਿੰਘ ਨੇ ਉਸ ਦੀ ਨਜਾਇਜ਼ ਨਜ਼ਰਬੰਦੀ ਅਤੇ ਤਸ਼ੱਦਦ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਵਿੱਚ ਐਸਐਸਪੀ ਪਟਿਆਲਾ ਨੂੰ ਕੇਸ ਵਿੱਚ ਐਫਆਈਆਰ ਦਰਜ ਕਰਨ ਦੇ ਆਦੇਸ਼ ਦੇਣ ਦੀ ਅਪੀਲ ਵੀ ਕੀਤੀ ਗਈ ਹੈ।

ਦੱਸ ਦਈਏ ਕਿ ਦਿੱਲੀ ਪੁਲਿਸ ਉਤੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ ਲੱਗੇ ਸਨ। ਲੱਖਾ ਸਿਧਾਣੇ ਦੇ ਚਾਚੇ ਦੇ ਪੁੱਤ ਗੁਰਦੀਪ ਸਿੰਘ ਉਤੇ ਪੁਲਿਸ ਤਸ਼ੱਦਦ ਦੇ ਦੋਸ਼ ਲੱਗੇ ਸਨ। ਦੋਸ਼ ਹਨ ਕਿ ਪੁਲਿਸ ਨੇ ਗੁਰਦੀਪ ਨੂੰ ਪਟਿਆਲੇ ਤੋਂ ਚੁੱਕਿਆ ਸੀ। ਉਹ ਪਟਿਆਲਾ ਗਿਆ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਚੁੱਕ ਲਿਆ।

ਲੱਖਾ ਸਿਧਾਣਾ ਨੇ ਸਵਾਲ ਚੁੱਕੇ ਸਨ ਕਿ ਦਿੱਲੀ ਦੀ ਪੁਲਿਸ ਪਟਿਆਲਾ ਵਿਚ ਆ ਕੇ ਕਿਵੇਂ ਪੰਜਾਬ ਪੁਲਿਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਦਬਾਅ ਬਣਾ ਰਹੀ ਹੈ ਕਿ ਲੱਖਾ ਸਿਧਾਣਾ ਅੰਦੋਲਨ ਤੋਂ ਪਿੱਛੇ ਹਟ ਜਾਵੇ।