ਨੋਵਾ ਸਕੋਸ਼ੀਆ ’ਚ ਰਾਤੋ-ਰਾਤ ਵਧੀਆਂ ਗੈਸ ਦੀ ਕੀਮਤਾਂ

Halifax- ਨੋਵਾ ਸਕੋਸ਼ੀਆ ’ਚ ਗੈਸ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਰਾਤੋ ਰਾਤ 6.5 ਸੈਂਟ ਵੱਧ ਗਈਆਂ। ਇਸ ਵਾਧੇ ਦੇ ਚੱਲਦਿਆਂ ਸੂਬੇ ’ਚ ਹੁਣ ਗੈਸ ਦੀਆਂ ਕੀਮਤਾਂ $1.80 ਪ੍ਰਤੀ ਲੀਟਰ ਤੋਂ ਉੱਪਰ ਹਨ। ਇਸ ਕਾਰਨ ਰੈਗੂਲਰ ਅਨਲੀਡਿਡ ਸਵੈ-ਸੇਵਾ ਗੈਸ ਦੀ ਘੱਟੋ-ਘੱਟ ਕੀਮਤ ਹੈਲੀਫੈਕਸ ਖੇਤਰ ’ਚ 183.7 ਸੈਂਟ ਪ੍ਰਤੀ ਲੀਟਰ ਤੋਂ ਲੈ ਕੇ ਕੇਪ ਬ੍ਰਿਟਨ ’ਚ 185.6 ਪ੍ਰਤੀ ਸੈਂਟ ਦੇ ਵਿਚਕਾਰ ਹੈ। ਇੰਨਾ ਹੀ ਨਹੀਂ, ਇੱਥੇ ਡੀਜ਼ਲ ਦੀ ਕੀਮਤ ਵੀ ਅੱਠ ਸੈਂਟ ਵਧ ਗਈ ਹੈ ਅਤੇ ਇਸ ਦੀ ਕੀਮਤ ਹੁਣ ਹੈਲੀਫੈਕਸ ’ਚ 181 ਸੈਂਟ ਪ੍ਰਤੀ ਲੀਟਰ ਅਤੇ ਕੇਪ ਬ੍ਰੈਟਨ ’ਚ 182.9 ਦੇ ਵਿਚਕਾਰ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਕੀਮਤਾਂ ’ਚ ਨਵੀਨਤਮ ਵਾਧਾ ਕਾਰਬਨ ਟੈਕਸ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ ਦਿਵਸ ਦੇ ਹਫਤੇ ਦੇ ਅੰਤ ’ਚ ਗੈਸੋਲੀਨ ਲਈ 14 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਲਈ 17 ਸੈਂਟ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਬੀਤੀ 7 ਜੁਲਾਈ ਨੂੰ, ਥੋਕ ਵਿਕਰੇਤਾਵਾਂ ’ਤੇ ਕਲੀਨ ਫਿਊਲ ਐਡਜਸਟਰ ਚਾਰਜ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਗੈਸੋਲੀਨ ਦੀ ਕੀਮਤ 3.74 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ  4 ਸੈਂਟ ਪ੍ਰਤੀ ਲੀਟਰ ਤੋਂ ਵੱਧ ਗਈ ਸੀ।