Site icon TV Punjab | Punjabi News Channel

ਭਾਰਤ-ਕੈਨੇਡਾ ਵਿਚਾਲੇ ਚੱਲਦੀ ਤਲਖ਼ੀ ’ਤੇ ਟਰੂਡੋ ਦਾ ਪਲਟਵਾਰ

ਭਾਰਤ-ਕੈਨੇਡਾ ਵਿਚਾਲੇ ਚੱਲਦੀ ਤਲਖ਼ੀ ’ਤੇ ਟਰੂਡੋ ਦਾ ਪਲਟਵਾਰ

Ottawa- ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਵਿਸਫ਼ੋਟਕ ਇਲਜ਼ਾਮ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਅਸੀਂ ਭੜਕਾਉਣ ਜਾਂ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਅਸੀਂ ਸਿਰਫ਼ ਤੱਥਾਂ ਨੂੰ ਉਸੇ ਤਰ੍ਹਾਂ ਪੇਸ਼ ਕਰ ਰਹੇ ਹਾਂ ਜਿਵੇਂ ਅਸੀਂ ਉਨ੍ਹਾਂ ਨੂੰ ਸਮਝਦੇ ਹਾਂ।
ਟਰੂਡੋ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਅਸੀਂ ਅਜਿਹਾ ਕਰ ਰਹੇ ਹਾਂ। ਦੱਸਣਯੋਗ ਹੈ ਕਿ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ’ਚ ਬੋਲਦਿਆਂ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ ’ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਨਿੱਝਰ ਦੀ ਬੀਤੀ 18 ਜੂਨ ਨੂੰ ਸਰੀ ਦੇ ਇੱਕ ਗੁਰੁਦਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਟਰੂਡੋ ਨੇ ਹਾਊਸ ਆਫ਼ ਕਾਮਨਜ਼ ’ਚ ਦੱਸਿਆ ਸੀ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੰਤਰ ਕੋਲ ਇਹ ਮੰਨਣ ਦੇ ਭਰੋਸੇਯੋਗ ਕਾਰਨ ਮੌਜੂਦ ਹਨ ਕਿ ਨਿੱਝਰ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤੀ ਹੈ। ਟਰੂਡੋ ਦੇ ਬਿਆਨਾਂ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿਚ ਚੱਲ ਰਹੀ ਖਟਾਸ ਹੁਣ ਹੋਰ ਵੱਧ ਗਈ ਹੈ। ਇਸੇ ਦੇ ਚੱਲਦਿਆਂ ਸੋਮਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕੈਨੇਡਾ ’ਚ ਮੌਜੂਦ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ। ਜੋਲੀ ਦੇ ਦਫ਼ਤਰ ਅਨੁਸਾਰ ਡਿਪਲੋਮੈਟ ਦਾ ਨਾਮ ਪਵਨ ਕੁਮਾਰ ਰਾਏ ਹੈ ਅਤੇ ਉਹ ਕੈਨੇਡਾ ਵਿਚ ਭਾਰਤੀ ਖ਼ੂਫ਼ੀਆ ਏਜੰਸੀ, ਰਾਅ (R1W) ਦਾ ਮੁਖੀ ਸੀ। ਇਸੇ ਦੇ ਜਵਾਬ ’ਚ ਮੰਗਲਵਾਰ ਸਵੇਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਵੀਂ ਦਿੱਲੀ ’ਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ ਗਿਆ ਸੀ ਅਤੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਭਾਰਤ ਛੱਡਣ ਲਈ ਆਖਿਆ ਗਿਆ ਹੈ।

Exit mobile version