Montreal- ਮਾਂਟਰੀਅਲ ’ਚ ਇੱਕ ਇਮਾਰਤ ਦੇ ਅੰਸ਼ਿਕ ਤੌਰ ’ਤੇ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਦੇ ਕਈ ਘੰਟਿਆਂ ਮਗਰੋਂ ਮਲਬੇ ’ਚੋਂ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 4 ਨਾਰਥ ਮਾਂਟਰੀਅਲ ਬੋਰੋ ’ਚ ਵਾਪਰਿਆ। ਫਾਇਰ ਡਿਪਾਰਟਮੈਂਟ (ਸਿਮ) ਦੇ ਅਨੁਸਾਰ, ਇਮਾਰਤ ਦੇ ਗਰਾਊਂਡ ਫਲੋਰ ਦੀ ਕੰਕਰੀਟ ਸਲੈਬ ਡਿੱਗ ਗਈ, ਜਿੱਥੇ ਕਿ ਸੰਭਾਵੀ ਤੌਰ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਮੌਕੇ ’ਤੇ ਪਹੁੰਚੇ ਬਚਾਅ ਕਰਮੀਆਂ ਵਲੋਂ ਇਮਾਰਤ ਦੀ ਬੇਸਮੈਂਟ ’ਚੋਂ ਦੋ ਆਦਮੀਆਂ ਨੂੰ ਲੱਭਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਤੀਜੇ ਵਿਅਕਤੀ ਦੀ ਲਾਸ਼ ਰਾਤੀਂ ਕਰੀਬ 10.15 ਵਜੇ ਮਿਲੀ।
ਮਾਂਟਰੀਅਲ ਫਾਇਰ ਡਿਪਾਰਟਮੈਂਟ ਦੇ ਸੈਕਸ਼ਨ ਚੀਫ ਮੈਰੀ-ਈਵੇ ਬਿਊਸੋਲੀਲ ਨੇ ਕਿਹਾ ਕਿ ਬਦਕਿਸਮਤੀ ਨਾਲ, ਇੱਕ ਆਦਮੀ ਮਲਬੇ ਦੇ ਹੇਠਾਂ ਮਿਲਿਆ ਸੀ ਅਤੇ ਜਾਂਚ ਮਗਰੋਂ ਪੈਰਾਮੈਡਿਕਸ ਨੇ ਉਸ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ। ਫਾਇਰ ਵਿਭਾਗ ਨੇ ਕਿਹਾ ਕਿ ਉਹ ਸੰਭਾਵਤ ਤੌਰ ’ਤੇ ਪਹਿਲੀ ਮੰਜ਼ਿਲ ’ਤੇ ਇਕ ਦੁਕਾਨ ’ਤੇ ਕੰਮ ਕਰ ਰਿਹਾ ਕਰਮਚਾਰੀ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਅਜੇ ਅਸ਼ਪੱਸ਼ਟ ਹੈ। ਮਾਂਟਰੀਅਲ ਦੇ ਫਾਇਰਫਾਈਟਰਾਂ ਮੁਤਾਬਕ ਪਿਛਲੇ ਦੋ ਸਾਲਾਂ ’ਚ ਇਸ ਤਿੰਨ ਮੰਜ਼ਿਲਾ ਇਮਾਰਤ ’ਚ ਅੱਗ ਲੱਗੀ ਸੀ, ਅਤੇ ਇੱਥੇ ਹੁਣ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਕਾਰੋਬਾਰੀ ਆਪਣਾ ਕੰਮ-ਕਾਜ ਚਲਾਉਂਦੇ ਹਨ, ਜਦਿਕ ਉੱਪਰੀਆਂ ਦੋ ਮੰਜ਼ਿਲਾਂ ’ਤੇ ਅਪਾਰਟਮੈਂਟ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਇਮਾਰਤ ’ਚ ਮੌਜੂਦ ਬਾਕੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਗਿਆ ਅਤੇ ਕੋਰੋਨਰ ਅਤੇ ਕਿਊਬਿਕ ਦੇ ਵਰਕਪਲੇਸ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।