Site icon TV Punjab | Punjabi News Channel

ਓਨਟਾਰੀਓ ਦੇ ਹਾਊਸਿੰਗ ਮੰਤਰੀ ਨੇ ਦਿੱਤਾ ਅਸਤੀਫ਼ਾ

ਓਨਟਾਰੀਓ ਦੇ ਹਾਊਸਿੰਗ ਮੰਤਰੀ ਨੇ ਦਿੱਤਾ ਅਸਤੀਫ਼ਾ

Toronto- ਓਨਟਾਰੀਓ ਮਿਊਂਸੀਪਲ ਅਫੇਅਰਜ਼ ਅਤੇ ਹਾਊਸਿੰਗ ਮੰੰਤਰੀ ਸਟੀਵ ਕਲਾਰਕ ਨੇ ਗ੍ਰੀਨਬੈਲਟ ਭੂਮੀ ਦੀ ਅਦਲਾ-ਬਦਲੀ ਸੰਬੰਧੀ ਆਪਣੇ ਮੰਤਰਾਲੇ ਦੇ ਸੰਚਾਲਨ ’ਚ ਕਈ ਜਾਂਚਾਂ ਮਗਰੋਂ ਸਿਆਸੀ ਵਿਰੋਧੀਆਂ, ਫਰਸਟ ਨੇਸ਼ਨਜ਼ ਦੇ ਨੇਤਾਵਾਂ ਅਤੇ ਨਿਵਾਸੀਆਂ ਵਲੋਂ ਕਈ ਹਫ਼ਤਿਆਂ ਤੋਂ ਕੀਤੇ ਜਾ ਰਹੇ ਵਿਰੋਧ ਦੇ ਚੱਲਦਿਆਂ ਕੈਬਨਿਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਲਾਰਕ ਦਾ ਅਸਤੀਫ਼ਾ ਓਨਟਾਰੀਓ ਦੇ ਇੰਟੀਗਿ੍ਰਟੀ ਕਮਿਸ਼ਨਰ ਵਲੋਂ ਉਨ੍ਹਾਂ ਦੇ ਆਚਰਣ ਦੀ ਜਾਂਚ ਕਰਨ ਅਤੇ ਕਲਾਰਕ ਨੂੰ ਫਟਕਾਰ ਲਗਾਉਣ ਦੀ ਸਿਫ਼ਾਰਿਸ਼ ਕਰਨ ਦੇ ਮਗਰੋਂ ਆਇਆ ਹੈ, ਜਿਸ ’ਚ ਇਹ ਕਿਹਾ ਗਿਆ ਸੀ ਕਿ ਉਹ ਉਸ ਪ੍ਰਕਿਰਿਆ ਦੀ ਠੀਕ ਤੋਂ ਨਿਗਰਾਨੀ ਕਰਨ ’ਚ ਅਸਫ਼ਲ ਰਹੇ ਹਨ, ਜਿਸ ਕਾਰਨ ਹਾਊਸਿੰਗ ਵਿਕਾਸ ਲਈ ਸੁਰੱਖਿਅਤ ਗ੍ਰੀਨਬੈਲਟ ਭੂਮੀ ਦੀ ਚੋਣ ਕੀਤੀ ਗਈ ਸੀ।
ਆਪਣੇ ਅਸਤੀਫ਼ੇ ਸੰਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇੱਕ ਪੱਤਰ ’ਚ ਕਲਾਰਕ ਨੇ ਕਿਹਾ ਕਿ ਰਿਹਾਇਸ਼ੀ ਸੰਕਟ ‘‘ਕਿਸੇ ਅਜਿਹੇ ਵਿਅਕਤੀ ਦੀ ਮੰਗ ਕਰਦਾ ਹੈ ਜੋ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਤੋਂ ਧਿਆਨ ਨਾ ਭਟਕਾਏ।’’ ਉਨ੍ਹਾਂ ਅੱਗੇ ਲਿਖਿਆ, ‘‘ਹਾਲਾਂਕਿ ਮੇਰਾ ਸ਼ੁਰੂਆਤੀ ਵਿਚਾਰ ਇਹ ਸੀ ਕਿ ਮੈਂ ਇਸ ਭੂਮਿਕਾ ਵਿੱਚ ਰਹਿ ਸਕਦਾ ਹਾਂ ਅਤੇ ਇੱਕ ਸਹੀ ਪ੍ਰਕਿਰਿਆ ਸਥਾਪਤ ਕਰ ਸਕਦਾ ਹਾਂ ਤਾਂ ਜੋ ਇਹ ਗਲਤੀਆਂ ਦੁਬਾਰਾ ਨਾ ਹੋਣ, ਮੈਨੂੰ ਅਹਿਸਾਸ ਹੈ ਕਿ ਮੇਰੀ ਮੌਜੂਦਗੀ ਸਿਰਫ ਉਸ ਮਹੱਤਵਪੂਰਨ ਕੰਮ ਤੋਂ ਹੋਰ ਭਟਕਾਏਗੀ, ਜਿਸਨੂੰ ਕਰਨ ਦੀ ਜ਼ਰੂਰਤ ਹੈ, ਜੋ ਵਾਪਰਿਆ ਹੈ ਉਸ ਲਈ ਮੈਨੂੰ ਜਵਾਬਦੇਹੀ ਲੈਣ ਦੀ ਲੋੜ ਹੈ।’’
ਗ਼ੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਓਨਟਾਰਿਓ ਦੇ ਇੰਟੈਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਗ੍ਰੀਨਬੈਲਟ ਵਿਚੋਂ ਨਿਰਮਾਣ ਵਾਸਤੇ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਦੌਰਾਨ ਕਲਾਰਕ ਨੇ ਮੈਂਬਰਜ਼ ਇਨਟੈਗ੍ਰਿਟੀ ਐਕਟ ਦੇ ਦੋ ਸੈਕਸ਼ਨਾਂ ਦੀ ਉਲੰਘਣਾ ਕੀਤੀ ਹੈ। ਪਿਛਲੇ ਸਾਲ, ਸੂਬੇ ਨੇ 50,000 ਘਰ ਬਣਾਉਣ ਲਈ ਗ੍ਰੀਨਬੈਲਟ ਵਿੱਚੋਂ 7,400 ਏਕੜ ਜ਼ਮੀਨ ਕੱਢੀ ਸੀ ਅਤੇ ਇਸ ਦੀ ਥਾਂ ਲਗਭਗ 9,400 ਏਕੜ ਜ਼ਮੀਨ ਹੋਰ ਕਿਤੇ ਲੈ ਲਈ ਸੀ। ਇੰਟੈਗ੍ਰਿਟੀ ਕਮਿਸ਼ਨਰ ਨੇ ਜਾਂਚ ’ਚ ਪਾਇਆ ਕਿ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਵਿਚ ਬੇਲੋੜੀ ਜਲਦਬਾਜ਼ੀ ਅਤੇ ਧੋਖਾਧੜੀ ਵੀ ਕੀਤੀ ਗਈ ਸੀ।
ਕਮਿਸ਼ਨਰ ਵਲੋਂ ਕੀਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਕਲਾਰਕ ਦਾ ਚੀਫ਼ ਆਫ਼ ਸਟਾਫ ਰਿਆਨ ਅਮਾਟੋ ਜ਼ਮੀਨ ਦੀ ਡੀਲ ਵਿਚ ਇੱਕ ਅਹਿਮ ਧੁਰਾ ਸੀ ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਅਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ ’ਚ ਅਸਫ਼ਲ ਰਹੇ।
ਇਸ ਗੱਲ ਨੂੰ ਲੈ ਕੇ ਬੀਤੇ ਦਿਨੀਂ ਹਾਊਸਿੰਗ ਮੰਤਰੀ ਨੇ ਮੁਆਫ਼ੀ ਵੀ ਮੰਗੀ ਸੀ ਪਰ ਫਿਰ ਵੀ ਉਹ ਅਹੁਦੇ ’ਤੇ ਬਰਕਰਾਰ ਸਨ, ਕਿਉਂਕਿ ਉਨ੍ਹਾਂ ਨੂੰ ਪ੍ਰੀਮੀਅਰ ਡੱਗ ਫੋਰਡ ਦਾ ਸਮਰਥਨ ਪ੍ਰਾਪਤ ਸੀ। ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਹਾਊਸਿੰਗ ਮੰਤਰੀ ਦਾ ਪੱਕਾ ਬਚਾਅ ਕਰਦਿਆਂ ਇਹ ਦਲੀਲ ਦਿੱਤੀ ਸੀ ਕਿ ਉਨ੍ਹਾਂ 10 ਸਾਲਾਂ ’ਚ 1.5 ਮਿਲੀਅਨ ਘਰ ਬਣਾਉਣ ਦੇ ਸਰਕਾਰ ਦੇ ਹਾਊਸਿੰਗ ਟੀਚੇ ਤੱਕ ਪਹੁੰਚਣ ਲਈ ਆਪਣੀ ਟੀਮ ’ਤੇ ਭਰੋਸਾ ਹੈ। ਇਹ ਦਾਅਵਾ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦੁਆਰਾ ਵਾਰ-ਵਾਰ ਬਚਾਅ ਵਜੋਂ ਵਰਤਿਆ ਗਿਆ ਸੀ ਕਿ ਉਨ੍ਹਾਂ ਨੂੰ ਗ੍ਰੀਨਬੈਲਟ ਬਣਾਉਣ ਦੀ ਕਿਉਂ ਲੋੜ ਸੀ।

Exit mobile version