Toronto- ਕੈਨੇਡਾ ’ਚ ਹੁਣ ਇਕ ਹੋਰ ਸੂਬਾਈ ਪ੍ਰੀਮੀਅਰ ਨੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਧਾਉਣ ਤੋਂ ਰੋਕਣ ਲਈ ਸਿੱਧੀ ਅਪੀਲ ਕੀਤੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਪਰਿਵਾਰਾਂ ਅਤੇ ਕਾਰੋਬਾਰਾਂ ’ਤੇ ਮੌਜੂਦਾ ਦਰਾਂ ਦੇ ਵਿਨਾਸ਼ਕਾਰੀ ਪ੍ਰਭਾਵ ਦੇ ਚੱਲਦਿਆਂ ਐਤਵਾਰ ਨੂੰ ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲੇਮ ਨੂੰ ਸਿੱਧਾ ਪੱਤਰ ਲਿਖਿਆ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਵਲੋਂ ਪਿਛਲੇ ਵੀਰਵਾਰ ਨੂੰ ਮੈਕਲੇਮ ਨੂੰ ਅਜਿਹਾ ਹੀ ਪੱਤਰ ਭੇਜਣ ਤੋਂ ਬਾਅਦ ਉਹ ਹੁਣ ਵਿਆਜ ਦਰਾਂ ’ਚ ਹੋਰ ਵਾਧੇ ’ਤੇ ਇਤਰਾਜ਼ ਜਤਾਉਣ ਵਾਲੇ ਦੂਜੇ ਪ੍ਰੀਮੀਅਰ ਬਣ ਗਏ ਹਨ।
ਬੈਂਕ ਆਫ ਕੈਨੇਡਾ ਨੇ ਜੁਲਾਈ ’ਚ ਆਪਣੀ ਮੁੱਖ ਵਿਆਜ ਦਰ ਨੂੰ ਵਧਾ ਕੇ ਪੰਜ ਫੀਸਦੀ ਕਰ ਦਿੱਤਾ ਸੀ। ਇਸ ਸੰਬੰਧੀ ਬੈਂਕ ਵਲੋ ਅਨੁਮਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ ਰਾਸ਼ਟਰੀ ਮਹਿੰਗਾਈ ਦਰ ਨੂੰ ਬੈਂਕ ਦੇ ਦੋ ਫੀਸਦੀ ਦੇ ਟੀਚੇ ਤੱਕ ਪਹੁੰਚਣ ’ਚ ਜ਼ਿਆਦਾ ਸਮਾਂ ਲੱਗੇਗਾ।
ਫੋਰਡ ਨੇ ਆਪਣੀ ਚਿੱਠੀ ’ਚ ਮੈਲਕਮ ਨੂੰ ਅਪੀਲ ਕੀਤੀ ਹੈ ਕਿ ਬੁੱਧਵਾਰ ਨੂੰ ਆਪਣੀਆਂ ਅਗਲੀਆਂ ਵਿਚਾਜ ਦਰਾਂ ਦੇ ਬਾਰੇ ’ਚ ਐਲਾਨ ਕਰਨ ਤੋਂ ਪਹਿਲਾਂ ਉਹ ਉੱਚ ਵਿਆਜ ਦਰਾਂ ਕਾਰਨ ਆਮ ਲੋਕਾਂ ’ਤੇ ਪੈਣ ਵਾਲੇ ਪ੍ਰਭਾਵ ’ਤੇ ਵਿਚਾਰ ਕਰਨ। ਫੋਰਡ ਨੇ ਚਿੱਠੀ ’ਚ ਇਹ ਵੀ ਗੱਲ ਆਖੀ ਹੈ ਕਿ ਬੈਂਕ ਨੇ ਪਿਛਲੇ 18 ਮਹੀਨਿਆਂ ਦੌਰਾਨ ਆਪਣੀਆਂ ਵਿਆਜ ਦਰਾਂ ’ਚ 10 ਵਾਰ ਵਾਧਾ ਕੀਤਾ ਹੈ ਅਤੇ ਪਰਿਵਾਰਾਂ ਨੂੰ ਆਪਣੇ ਮੌਰਗੇਜ ਭੁਗਤਾਨਾਂ ਨੂੰ ਪੂਰਾ ਕਰਨ ਲਈ ਇੱਕ ਮਹੀਨੇ ’ਚ ਹਜ਼ਾਰਾਂ ਡਾਲਰ ਖ਼ਰਚਣੇ ਪੈ ਰਹੇ ਹਨ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਫੈਡਰਲ ਸਰਕਾਰ ਨੂੰ ਮੁੜ ਦਰਾਂ ਵਧਾਉਣ ਦੀ ਬਜਾਏ ਨਿਵੇਸ਼ ਕਰਨ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਚ ਨਿਵੇਸ਼ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਕੰਮ ਕਰਨਾ ਚਾਹੀਦਾ ਹੈ।