Site icon TV Punjab | Punjabi News Channel

ਗ੍ਰੀਨਬੈਲਟ ’ਚ ਚੁਣੀਆਂ ਜ਼ਮੀਨਾਂ ਦਾ ਮੁਲਾਂਕਣ ਕਰੇਗੀ ਓਨਟਾਰੀਓ ਸਰਕਾਰ

ਗ੍ਰੀਨਬੈਲਟ ’ਚ ਚੁਣੀਆਂ ਜ਼ਮੀਨਾਂ ਦਾ ਮੁਲਾਂਕਣ ਕਰੇਗੀ ਓਨਟਾਰੀਓ ਸਰਕਾਰ

Toronto- ਓਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ੍ਰੀਨਬੈਲਟ ਚੋਂ ਨਿਰਮਾਣ ਵਾਸਤੇ ਚੁਣੀਆਂ ਵਿਵਾਦਿਤ ਜ਼ਮੀਨਾਂ ਦਾ ਮੁਲਾਂਕਣ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਸਾਈਟਾਂ ਯੋਗਤਾ ਪੱਖੋਂ ਖਰੀਆਂ ਉੱਤਰਦੀਆਂ ਹਨ, ਤਾਂ ਨਿਰਮਾਣ ਦਾ ਕੰਮ ਅੱਗੇ ਵਧਾਇਆ ਜਾਵੇਗਾ।
ਬੀਤੇ ਦਿਨ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਫੋਰਡ ਨੇ ਕਿਹਾ ਕਿ ਮੁੜ-ਮੁਲਾਂਕਣ ਸਾਰੀਆਂ ਗ੍ਰੀਨਬੈਲਟ ਜ਼ਮੀਨਾਂ ਅਤੇ ਵਿਕਾਸ ਅਰਜ਼ੀਆਂ ਦੀ ਵਿਆਪਕ ਸਮੀਖਿਆ ਦਾ ਹਿੱਸਾ ਹੋਵੇਗਾ। ਪਿਛਲੀ ਲਿਬਰਲ ਸਰਕਾਰ ਨੇ 2005 ’ਚ ਜ਼ਰੂਰੀ ਕੀਤਾ ਸੀ ਕਿ ਗ੍ਰੀਨਬੈਲਟ ਜ਼ਮੀਨਾਂ ਦੀ ਹਰ 10 ਸਾਲਾਂ ’ਚ ਸਮੀਖਿਆ ਕੀਤੀ ਜਾਵੇ। ਆਖਰੀ ਸਮੀਖਿਆ 2015 ’ਚ ਪੂਰੀ ਕੀਤੀ ਗਈ ਸੀ, ਮਤਲਬ ਕਿ ਹੁਣ ਸੂਬਾ ਇਸ ਸਮਾਂ ਸੀਮਾ ਨੂੰ ਲਗਭਗ ਦੋ ਸਾਲ ਪਹਿਲਾਂ ਪਾ ਰਿਹਾ ਹੈ।ਫ਼ੋਰਡ ਨੇ ਦੱਸਿਆ ਕਿ ਸੂਬੇ ਦੇ ਨਵੇਂ ਹਾਊਸਿੰਗ ਮਿਨਿਸਟਰ ਪੌਲ ਕੈਲੰਡਰਾ ਇੱਕ ਨਿਰਪੱਖ ਸੂਬਾਈ ਐਡਜੂਡੀਕੇਟਰ ਦੇ ਸਹਿਯੋਗ ਵਿਚ ਸਮੀਖਿਆ ਦੇ ਮਾਪਦੰਡ ਸਥਾਪਤ ਕਰਨਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਟੀਵ ਕਲਾਰਕ ਨੇ ਹਾਊਸਿੰਗ ਮਿਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੈਲੰਡਰਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਫ਼ੋਰਡ ਨੇ ਕਿਹਾ, ਉੱਪਰੋਂ ਥੱਲੇ ਤੱਕ ਪੂਰੀ ਸਮੀਖਿਆ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਮੀਖਿਆ ਦੌਰਾਨ ਐਡਜੂਡੀਕੇਟਰ ਜ਼ਮੀਨ ਮਾਲਕਾਂ, ਜਿਨ੍ਹਾਂ ’ਚ ਸੂਬੇ ਦੇ ਕਈ ਵੱਡੇ ਡਿਵੈਲਪਰ ਸ਼ਾਮਲ ਹਨ, ਨਾਲ ਨਿਰਮਾਣ ਯੋਜਨਾ ਬਾਰੇ ਗੱਲਬਾਤ ਵੀ ਜਾਰੀ ਰੱਖੇਗਾ। ਫ਼ੋਰਡ ਨੇ ਕਿਹਾ ਕਿ ਜ਼ਮੀਨ ਮਾਲਕਾਂ ਅਤੇ ਸੂਬੇ ਵਿਚਕਾਰ ਹੋਣ ਵਾਲੇ ਕਿਸੇ ਵੀ ਅੰਤਿਮ ਸਮਝੌਤੇ ਨੂੰ ਜਨਤਕ ਤੌਰ ‘ਤੇ ਜਾਰੀ ਕੀਤਾ ਜਾਵੇਗਾ।
ਇਹ ਪੁੱਛੇ ਜਾਣ ’ਤੇ ਕਿ ਕੀ ਲੰਬਿਤ ਸਮੀਖਿਆ ਵਿੱਚ ਹੋਰ ਗ੍ਰੀਨਬੈਲਟ ਜ਼ਮੀਨ ਨੂੰ ਹਾਊਸਿੰਗ ਵਿਕਾਸ ਲਈ ਖੋਲ੍ਹਿਆ ਜਾ ਸਕਦਾ ਹੈ, ਫੋਰਡ ਨੇ ਇਸ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਸਮੀਖਿਆ ਕੀ ਕਹਿੰਦੀ ਹੈ ਅਤੇ ਅਸੀਂ ਇਸਦਾ ਵਿਸ਼ਲੇਸ਼ਣ ਕਰਾਂਗੇ। ਇਹ ਫੈਸਲਾ ਮੰਤਰੀ ’ਤੇ ਨਿਰਭਰ ਕਰੇਗਾ।
ਜ਼ਿਕਰਯੋਗ ਹੈ ਕਿ ਗ੍ਰੀਨਬੈਲਟ ਵਿਵਾਦ ਦੇ ਚਲਦਿਆਂ ਸੋਮਵਾਰ ਨੂੰ ਸਟੀਵ ਕਲਾਰਕ ਨੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲ ਹੀ ’ਚ ਓਨਟਾਰੀਓ ਦੇ ਇੰਟੈਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਕਲਾਰਕ ਦਾ ਚੀਫ਼ ਆਫ਼ ਸਟਾਫ ਰਾਇਨ ਅਮਾਟੋ ਗ੍ਰੀਨਬੈਲਟ ਡੀਲ ਵਿਚ ਇੱਕ ਅਹਿਮ ਧੁਰਾ ਸੀ ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਅਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ ਵਿੱਚ ਅਸਫ਼ਲ ਰਹੇ।
ਇਸ ਤੋਂ ਪਹਿਲਾਂ 9 ਅਗਸਤ ਨੂੰ, ਓਨਟਾਰੀਓ ਦੇ ਆਡੀਟਰ ਜਨਰਲ ਨੇ ਇੱਕ ਧਮਾਕੇਦਾਰ ਰਿਪੋਰਟ ਜਾਰੀ ਕੀਤੀ ਸੀ ਕਿ ਕਿਵੇਂ ਗ੍ਰੀਨਬੈਲਟ ਦੀ ਹਜ਼ਾਰਾਂ ਹੈਕਟੇਅਰ ਜ਼ਮੀਨ ਨੂੰ ਹਾਊਸਿੰਗ ਵਿਕਾਸ ਲਈ ਖੋਲ੍ਹਿਆ ਗਿਆ ਸੀ। ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਸੀ ਕਿ ਵਿਕਾਸ ਵਾਸਤੇ ਖੋਲਣ ਲਈ ਗ੍ਰੀਨਬੈਲਟ ਜ਼ਮੀਨ ਦੀ ਚੋਣ ਪ੍ਰਕਿਰਿਆ ਵਿਚ ਕਲਾਰਕ ਦੇ ਚੀਫ਼ ਔਫ਼ ਸਟਾਫ਼ ਰਾਇਨ ਅਮਾਟੋ ਤੱਕ ਪਹੁੰਚ ਅਤੇ ਰਸੂਖ਼ ਵਾਲੇ ਡਿਵੈਲਪਰਾਂ ਦੀ ਤਰਫ਼ਦਾਰੀ ਕੀਤੀ ਗਈ ਸੀ।
ਆਡੀਟਰ ਜਨਰਲ ਦੀ ਰਿਪੋਰਟ ਮੁਤਾਬਕ ਗ੍ਰੀਨਬੈਲਟ ਚੋਂ ਹਟਾਈਆਂ 15 ਜ਼ਮੀਨਾਂ ਚੋਂ 14 ਅਮਾਟੋ ਦੁਆਰਾ ਪ੍ਰੋਜੈਕਟ ’ਚ ਲਿਆਂਦੀਆਂ ਗਈਆਂ ਸਨ। 15 ਸਾਈਟਾਂ ਦੀਆਂ ਜ਼ਮੀਨਾਂ ਦੇ ਮੁੱਲ ਵਿਚ ਕਰੀਬ 8.3 ਬਿਲੀਅਨ ਦਾ ਵਾਧਾ ਹੋਣਾ ਸੀ। ਅਮਾਟੋ ਨੇ ਆਪਣੇ ਅਸਤੀਫ਼ੇ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਨੇ ਉਚਿਤ ਤਰੀਕੇ ਨਾਲ ਕੰਮ ਕੀਤਾ ਸੀ ਪਰ ਉਹ ਸਰਕਾਰ ਦੇ ਘਰ ਬਣਾਉਣ ਦੇ ਕੰਮ ਵਿਚ ਪ੍ਰੇਸ਼ਾਨੀ ਨਹੀਂ ਚਾਹੁੰਦਾ, ਜਿਸ ਕਰਕੇ ਅਸਤੀਫ਼ਾ ਦੇ ਰਿਹੈ।

Exit mobile version